ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਮਾਰੂਤੀ ਕਾਰ ਭਾਖੜਾ ਨਹਿਰ ਵਿੱਚ ਡਿੱਗੀ ਦੋ ਬੱਚਿਆਂ ਸਮੇਤ 4 ਲਾਪਤਾ, ਇੱਕ ਦੀ ਮੌਤ ਅਤੇ ਦੋ ਵਿਅਕਤੀ ਜਿਉਂਦੇ ਕੱਢੇ

photo car accsident-1 photo car accsident-2

ਫ਼ਤਹਿਗੜ੍ਹ ਸਾਹਿਬ, 23 ਜਨਵਰੀ – ਅੱਜ ਸ਼ਾਮ ਕਰੀਬ 4 ਵਜੇ ਮਾਰੂਤੀ ਕਾਰ ਨੰਬਰ ਐਚ.ਆਰ. 41 ਬੀ 9596, ਜਿਸ ਵਿੱਚ 7 ਵਿਅਕਤੀ ਸਵਾਰ ਸਨ ਜੋ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਫੈਜਗੜ੍ਹ ਤੋਂ ਫ਼ਤਹਿਗੜ੍ਹ ਸਾਹਿਬ ਵੱਲ ਨੂੰ ਆ ਰਹੇ ਸਨ, ਸਰਹਿੰਦ-ਭਾਦਸੋਂ ਰੋਡ ‘ਤੇ ਪਿੰਡ ਸੌਂਢਾ ਨਜਦੀਕ ਭਾਖੜਾ ਨਹਿਰ ਦੇ ਪੁਲ ਕੋਲ ਅਚਾਨਕ ਕਾਰ ਨਹਿਰ ਵਿੱਚ ਜਾ ਡਿੱਗੀ। ਜਿਸ ਵਿੱਚੋਂ ਤਿੰਨ ਵਿਅਕਤੀਆਂ ਨੂੰ ਪਿੰਡ ਸੌਂਢਾ ਦੇ ਵਾਸੀ ਹਰਜਿੰਦਰ ਸਿੰਘ, ਨਰਿੰਦਰ ਸਿੰਘ ਅਤੇ ਰਘਬੀਰ ਸਿੰਘ ਨੇ ਮੌਕੇ ‘ਤੇ ਹੀ ਬਾਹਰ ਕੱਢ ਲਿਆ, ਜਿਨ੍ਹਾਂ ਵਿੱਚੋਂ ਇੱਕ ਬਜੁਰਗ ਔਰਤ ਗੁਰਚਰਨ ਕੌਰ ਪਤਨੀ ਸ. ਜਸਬੀਰ ਸਿੰਘ ਮੌਕੇ ‘ਤੇ ਹੀ ਦਮ ਤੋੜ ਗਈ ਜਦੋਂ ਕਿ ਕਾਰ ਦਾ ਡਰਾਈਵਰ ਰਣਜੀਤ ਸਿੰਘ (38) ਪੁੱਤਰ ਇੰਦਰ ਸਿੰਘ ਵਾਸੀ ਪਿੰਡ ਫੈਜਗੜ੍ਹ ਅਤੇ ਪਿੰਡ ਠਸਕਾ ਦੇ ਵਾਸੀ ਸ. ਸ਼ੇਰ ਸਿੰਘ ਪੁੱਤਰ ਸੁਰਿੰਦਰ ਸਿੰਘ ਨੂੰ ਮੁਢਲੀ ਸਹਾਇਤਾ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ। ਜੋ ਕਿ ਖਤਰੇ ਤੋਂ ਬਾਹਰ ਹਨ। ਇਸ ਤੋਂ ਇਲਾਵਾ ਰਣਜੀਤ ਸਿੰਘ ਦੀ ਪਤਨੀ ਰੁਪਿੰਦਰ ਕੌਰ, ਉਸ ਦੇ ਦੋ ਬੱਚੇ ਲੜਕਾ ਸਾਹਿਲਪ੍ਰੀਤ ਸਿੰਘ (11), ਉਸ ਦੀ ਲੜਕੀ ਹਰਸਿਮਰਨ ਕੌਰ (3) ਅਤੇ ਗੁਰਚਰਨ ਕੌਰ ਦਾ ਸਪੁੱਤਰ ਦਿਲਬਾਗ ਸਿੰਘ ਲਾਪਤਾ ਹਨ। ਇਥੇ ਵਰਨਣਯੋਗ ਹੈ ਕਿ ਇਸ ਘਟਨਾ ਦਾ ਜਦੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਪੁਲਿਸ ਮੁਖੀ ਸ. ਗੁਰਮੀਤ ਸਿੰਘ ਰੰਧਾਵਾ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਐਸ.ਪੀ. ਦਲਜੀਤ ਸਿੰਘ ਰਾਣਾ ਅਤੇ ਐਸ.ਪੀ. ਬਲਵੰਤ ਸਿੰਘ, ਡੀ.ਐਸ.ਪੀ. ਹਰਦਵਿੰਦਰ ਸਿੰਘ, ਐਸ.ਐਚ.ਓ. ਗੁਰਮੀਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੌਕੇ ‘ਤੇ ਪੁੱਜ ਕੇ ਰਾਹਤ ਕਾਰਜ ਸ਼ੁਰੂ ਕਰਵਾਏ। ਪੁਲਿਸ ਵੱਲੋਂ ਪਟਿਆਲਾ ਅਤੇ ਦੋਰਾਹਾ ਤੋਂ ਗੋਤਾਖੋਰਾਂ ਨੂੰ ਬੁਲਾ ਕੇ ਤੇ ਦੋ ਕਰੇਨਾ ਲਗਾ ਕੇ ਕਰੀਬ 7 ਵਜੇ ਮਾਰੂਤੀ ਕਾਰ ਨੂੰ ਬਾਹਰ ਕੱਢ ਲਿਆ ਗਿਆ ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਜ਼ਿਲ੍ਹਾ ਚੋਣ ਅਫਸਰ ਸੰਘਾ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੋਟ ਦੇ ਸਹੀ ਇਸਤੇਮਾਲ ਦਾ ਪ੍ਰਣ ਦਿਵਾਇਆ

photo2 D C dt 17.1.15

ਫ਼ਤਹਿਗੜ੍ਹ ਸਾਹਿਬ, 23 ਜਨਵਰੀ – ਭਾਰਤੀ ਸੰਵਿਧਾਨ ਨੇ ਜਿਥੇ 18 ਸਾਲ ਉਮਰ ਤੋਂ ਵੱਧ ਵਾਲੇ ਹਰੇਕ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ ਉਥੇ ਹੀ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਹਰੇਕ ਨਾਗਰਿਕ ਦਾ ਦੇਸ਼ ਪ੍ਰਤੀ ਮੁਢਲਾ ਫਰਜ਼ ਬਣਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਰਾਸ਼ਟਰੀ ਵੋਟਰ ਦਿਵਸ ਦੇ ਸਬੰਧ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੋਟਰ ਪ੍ਰਣ ਦਿਵਾਉਣ ਲਈ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੋਟ ਦੇ ਸਹੀ ਇਸਤੇਮਾਲ ਦਾ ਪ੍ਰਣ ਦਿਵਾਉਂਦਿਆਂ ਕਿਹਾ ਕਿ ਅਸੀਂ ਭਾਰਤ ਦੇ ਨਾਗਰਿਕ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਹੋਏ ਆਪਣੇ ਦੇਸ਼ ਦੀਆਂ ਲੋਕਤਾਂਤਰਿਕ ਪ੍ਰੰਪਰਾਵਾਂ ਨੂੰ ਬਣਾਏ ਰੱਖਾਂਗੇ ਅਤੇ ਇਹ ਵੀ ਪ੍ਰਣ ਕਰਦੇ ਹਾਂ ਕਿ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਵੋਟ ਬਣਾਵਾਂਗੇ ਅਤੇ ਆਪਣੇ ਵੋਟ ਦੇ ਅਧਿਕਾਰ ਦਾ ਨਿਡਰ ਹੋ ਕੇ ਤੇ ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾਂ ਕਿਸੇ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਇਸਤੇਮਾਲ ਕਰਾਂਗੇ। ਇਸ ਸਮਾਗਮ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਡਾ. ਰਵਜੋਤ ਗਰੇਵਾਲ, ਜ਼ਿਲ੍ਹਾ ਲੋਕ ਸੰਪਰਕ ਅਫਸਰ ਸ. ਕੁਲਜੀਤ ਸਿੰਘ, ਉਪ ਅਰਥ ਤੇ ਅੰਕੜਾ ਸਲਾਹਕਾਰ ਸ. ਪ੍ਰਿਤਪਾਲ ਸਿੰਘ, ਤਹਿਸੀਲਦਾਰ (ਚੋਣਾਂ) ਸ. ਲਾਭ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਸ਼ਾਮਲ ਹੋਏ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਪੰਜੋਲੀ ਕਲਾਂ ਵਿਖੇ ਭਗਤ ਰਵਿਦਾਸ ਨੂੰ ਸਮਰਪਿਤ ਕਲੱਬ ਵਲੋਂ ਸਮਾਗਮ 25 ਨੂੰ

IMG-20150123-WA0012

ਖਬਰ – ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਐਂਡ ਸਪੋਰਟਸ ਕਲੱਬ (ਸਬੰਧਿਤ ਨਹਿਰੂ ਯੁਵਾ ਕੇਂਦਰ ਫਤਿਹਗੜ੍ਹ ਸਾਹਿਬ) ਦੀ ਸਰਪ੍ਰਸਤੀ ਹੇਠ ਗ੍ਰਾਮ ਪੰਚਾਇਤ,ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵਿਦਿਆਰਥੀ ਜਥੇਬੰਦੀ ਆਰ.ਵਾਈ.ਐਫ.(ਰਿਪਬਲਿਕ ਯੂਥ ਫੈਡਰੇਸ਼ਨ) ਦੇ ਸਹਿਯੋਗ ਨਾਲ ਮਿਤੀ ੨੫ ਜਨਵਰੀ ਨੂੰ ਪਿੰਡ ਪੰਜੋਲੀ ਕਲਾਂ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ।ਜਿਸ ਵਿਚ ਵਿਸ਼ਾਲ ਖੁਨ ਦਾਨ ਕੈਂਪ ਅਤੇ ਸਿੱਖੀ ਦੀਆਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਤੋਂ ਜਾਣੂੰ ਕਰਵਾਉਣ ਲਈ ਚਾਰ ਸਾਹਿਬਜ਼ਾਦੇ ਫਿਲਮ ਮਾਣਮੱਤੇ ਇਤਿਹਾਸ ਨਾਲ ਜੋੜਨ ਦੇ ਮੰਨੋਰਥ ਨਾਲ ਵਿਖਾਈ ਜਾਵੇਗੀ।ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸ.ਹਰੀ ਸਿੰਘ ਪ੍ਰਧਾਨ ਵਿਸ਼ਵ ਕਬੱਡੀ ਕੱਪ,ਜਿਲਾ ਪਟਿਆਲਾ ਤੇ ਐਮ.ਡੀ ਪ੍ਰੀਤ ਗਰੁੱਪ ਨਾਭਾ ਸ਼ਿਰਕਤ ਕਰ ਰਹੇ ਹਨ। ਇਸ ਮੌਕੇ ਬੋਲਦਿਆ ਕਲੱਬ ਪ੍ਰਧਾਨ ਜਗਜੀਤ ਸਿੰਘ ਪੰਜੋਲੀ ਨੇ ਕਿਹਾ ਕਿ ਇਸ ਸਮਾਗਮ ਲਈ ਜਿਥੇ ਨਗਰ ਦੇ ਨੋਜਵਾਨਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਨਾਲ ਹੀ ਇਲਾਕੇ ਦੇ ਪਿੰਡਾਂ ਵਿਚ ਰਾਬਤਾ ਕਾਇਮ ਕੀਤਾ ਹੋਇਆ ਹੈ।ਨਗਰ ਪੰਜੋਲੀ ਕਲਾਂ ਵਿਖੇ ਅਸੀਂ ਸਮਾਗਮ ਪ੍ਰਤੀ ਘਰ-ਘਰ ਜਾ ਕੇ ਲੋਕਾਂ ਨੂੰ ਖੂਨ ਦਾਨ ਕਰਨ ਦੀ ਅਹਿਮੀਅਤ ਅਤੇ ਮਹਾਨ ਵਿਰਸੇ ਨਾਲ ਜੁੜਨ ਲਈ ਫਿਲਮ ਵੇਖਣ ਲਈ ਅਪੀਲ ਕੀਤੀ ਗਈ।ਉਹਨਾਂ ਕਿਹਾ ਇਸ ਸਮਾਗਮ ਲਈ ਸ.ਰਵਿੰਦਰ ਸਿੰਘ ਧੀਮਾਨ ਸਪੁੱਤਰ ਸਵ.ਸੁਖਦੇਵ ਸਿੰਘ ਠੇਕੇਦਾਰ ਅਤੇ ਸਮ੍ਹੂਹ ਠੇਕੇਦਾਰ ਪਰਿਵਾਰ ਦਾ ਵਿਸ਼ੇਸ਼ ਸਹਿਯੋਗ ਹੈ।ਇਹ ਸਮਾਗਮ ਖੂਨ ਦਾਨ ਕੈਪ ਸਵੇਰੇ ੯ ਤੋਂ ਦੁਪਹਿਰ ੧ ਵਜ਼ੇ ਤੱਕ ਅਤੇ ਚਾਰ ਸਾਹਿਬਜ਼ਾਦੇ ਫਿਲਮ ਸ਼ਾਮ ੬ ਵਜ਼ੇ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ਵਿਖੇ ਵਖਾਈ ਜਾਵੇਗੀ। ਇਸ ਮੌਕੇ ਸ.ਜਗਦੀਪ ਸਿੰਘ ਧੀਮਾਨ,ਜੱਸਾ ਸਿੰਘ ਪੰਜੋਲੀ,ਪੰਚ ਕੁਲਵੰਤ ਸਿੰਘ,ਪੰਚ ਜਮਲਾ ਸਿੰਘ,ਸਤਨਾਮ ਸਿੰਘ,ਅਧਿਆਪਕ ਰਾਜ਼ੇਸ਼ ਧੀਮਾਨ,ਭੁਪਿੰਦਰ ਸਿੰਘ ਬਾਠ,ਲਖਵੀਰ ਸਿੰਘ ਧਾਲੀਵਾਲ,ਸਟੇਜ ਸਕੱਤਰ ਪ੍ਰਭਜੋਤ ਸਿੰਘ ਮੋਨੂੰ,ਪ੍ਰੈਸ ਸਕੱਤਰ ਦਵਿੰਦਰ ਸਿੰਘ,ਮਨਪ੍ਰੀਤ ਸਿੰਘ ਮੋਹਣਾ,ਸਲੀਮ ਮੁਹੰਮਦ,ਗੁਰਤੇਜ਼ ਸਿੰਘ ਤੇਜ਼ ਅਤੇ ਬੱਬਲ ਭੱਟ ਆਦਿ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਅਤੇ ਨਗਰ ਦੇ ਪੱਤਵੰਤੇ ਹਾਜ਼ਰ ਸਨ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਜ਼ਿਲ੍ਹਾ ਪੱਧਰ ਦੇ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ – ਸੰਘਾ

3 1 5 6 7 9 10 11 12

ਫ਼ਤਹਿਗੜ੍ਹ ਸਾਹਿਬ, 23 ਜਨਵਰੀ – 26 ਜਨਵਰੀ ਨੂੰ 66ਵੇਂ ਗਣਤੰਤਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਰੋਹ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਸਟੇਡੀਅਮ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਸਮਾਰੋਹ ਦੇ ਮੁੱਖ ਮਹਿਮਾਨ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਪਰਕਾਸ਼ ਚੰਦ ਗਰਗ 26 ਜਨਵਰੀ ਨੂੰ ਸਵੇਰੇ 10:00 ਵਜੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਸਮਾਰੋਹ ਦੀ ਫੁਲ ਡਰੈਸ ਰਿਹਰਸਲ ਅੱਜ ਇੱਥੇ ਮਾਤਾ ਗੁਜਰੀ ਕਾਲਜ ਦੇ ਸਟੇਡੀਅਮ ਵਿਖੇ ਕੀਤੀ ਗਈ। ਇਸ ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਅਤੇ ਐਸ.ਐਸ.ਪੀ. ਸ. ਗੁਰਮੀਤ ਸਿੰਘ ਰੰਧਾਵਾ ਨੇ ਸਮਾਰੋਹ ਦੇ ਸਮੁੱਚੇ ਪ੍ਰਬੰਧਾਂ ਦਾ ਜਾਇਜਾ ਲਿਆ। ਸ. ਸੰਘਾ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰੀ ਮਹੱਤਵ ਵਾਲੇ ਜ਼ਿਲ੍ਹਾ ਪੱਧਰ ਦੇ ਗਣਤੰਤਰ ਦਿਵਸ ਸਮਾਰੋਹ ਵਿੱਚ ਵੱਧ ਚੜ ਕੇ ਹਿੱਸਾ ਲੈਣ ਕਿਉਂਕਿ 26 ਜਨਵਰੀ ਦਾ ਦਿਹਾੜਾ ਭਾਰਤ ਦੇ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਦੁਨੀਆਂ ਦੇ ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਭਾਰਤ ਵਿੱਚ ਆਪਣਾ ਸੰਵਿਧਾਨ ਲਾਗੂ ਹੋਇਆ ਸੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਰਾਸ਼ਟਰੀ ਮਹੱਤਵ ਦੇ ਸਮਾਰੋਹ ਦੀ ਸਫਲਤਾ ਲਈ ਪੂਰੇ ਸਮਰਪਣ ਦੀ ਭਾਵਨਾਂ ਨਾਲ ਆਪਣੇ ਫਰਜ਼ ਨਿਭਾਉਣ। ਸ. ਸੰਘਾ ਨੇ ਦੱਸਿਆ ਕਿ ਗਣਤੰਤਰ ਦਿਵਸ ਸਮਾਰੋਹ ਮੌਕੇ ਸ਼ਾਨਦਾਰ ਮਾਰਚ ਪਾਸਟ ਦੀ ਅਗਵਾਈ ਪਰੇਡ ਕਮਾਂਡਰ ਡੀ.ਐਸ.ਪੀ. ਹਰਦਵਿੰਦਰ ਸਿੰਘ ਸੰਧੂ ਕਰਨਗੇ। ਪਰੇਡ ਵਿੱਚ ਪੰਜਾਬ ਪੁਲਿਸ ਦੀਆਂ 3, ਹੋਮ ਗਾਰਡਜ਼ ਦੀ 1, ਐਨ.ਸੀ.ਸੀ. ਦੀਆਂ 4 ਅਤੇ ਅਕਾਲ ਅਕੈਡਮੀ ਖਮਾਣੋਂ ਦੇ ਬੈਂਡ ਦੀਆਂ ਟੁਕੜੀਆਂ ਨੇ ਵੀ ਰਿਹਰਸਲ ਵਿੱਚ ਹਿੱਸਾ ਲਿਆ। ਸ. ਸੰਘਾ ਨੇ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ ਅਕਾਲ ਅਕੈਡਮੀ ਖਮਾਣੋਂ ਤੇ ਬਾਬਾ ਦਿਆਲਪੁਰੀ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਦੇ ਵਿਦਿਆਰਥੀ ਡੰਬਲ ਅਤੇ ਲੇਜੀਅਮ ਸ਼ੋਅ ਪੇਸ਼ ਕਰਨਗੇ ਜਦੋਂ ਕਿ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਹਾਈ ਸਕੂਲ ਸਰਹਿੰਦ ਸ਼ਹਿਰ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ, ਸਰਕਾਰੀ ਮਿਡਲ ਸਕੂਲ ਜੱਲੋਵਾਲ, ਉਮਾ ਰਾਣਾ ਪਬਲਿਕ ਸਕੂਲ ਸੰਘੋਲ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬਸੀ ਪਠਾਣਾਂ, ਅਕਾਲ ਅਕੈਡਮੀ ਖਮਾਣੋਂ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਅਤੇ ਸਭਿਆਚਾਰਕ ਵਿਰਸੇ ਨੂੰ ਦਰਸਾਉਣ ਵਾਲਾ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੰਤ ਫਰੀਦ ਪਬਲਿਕ ਸਕੂਲ ਅਮਲੋਹ ਦੀਆਂ ਲੜਕੀਆਂ ਵੱਲੋਂ ਪੰਜਾਬ ਦਾ ਮਸ਼ਹੂਰ ਲੋਕ ਨਾਚ ਗਿੱਧਾ ਅਤੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਸਾਹਿਬ, ਖਾਲਸਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ, ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ, ਮਾਤਾ ਸੁੰਦਰੀ ਪਬਲਿਕ ਸਕੂਲ ਅੱਤੇਵਾਲੀ ਅਤੇ ਸਰਕਾਰੀ ਹਾਈ ਸਕੂਲ ਸਰਹਿੰਦ ਸ਼ਹਿਰ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜ਼ਿਲ੍ਹੇ ਦੇ ਆਜਾਦੀ ਘੁਲਾਟੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਦਾ ਵਿਸ਼ੇਸ ਤੌਰ ‘ਤੇ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋੜਵੰਦਾਂ ਨੂੰ ਟਰਾਈ ਸਾਇਕਲ, ਵੀਲ੍ਹ ਚੇਅਰ ਅਤੇ ਸਿਲਾਈ ਮਸ਼ੀਨਾਂ ਵੀ ਵੰਡੀਆਂ ਜਾਣਗੀਆਂ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਬਲਵਿੰਦਰ ਸਿੰਘ ਨੇ ਪਸ਼ੂਧਨ ਮੁਕਾਬਲਿਆਂ ਵਿੱਚ ਇਨਾਮ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ

na2-1

ਫ਼ਤਹਿਗੜ੍ਹ ਸਾਹਿਬ 23 ਜਨਵਰੀ – ਜ਼ਿਲ੍ਹੇ ਦੇ ਅਮਲੋਹ ਬਲਾਕ ਦੇ ਪਿੰਡ ਉਚੀ ਰੁੜਕੀ ਦੇ ਅਗਾਂਹਵਧੂ ਪਸ਼ੂ ਪਾਲਕ ਬਲਵਿੰਦਰ ਸਿੰਘ ਦੇ ਪਸ਼ੂ ਪਿਛਲੇ 5 ਸਾਲਾਂ ਤੋਂ ਕੌਮੀ ਪੱਧਰ, ਰਾਜ ਪੱਧਰ ਤੇ ਜ਼ਿਲ੍ਹਾ ਪੱਧਰ ਦੇ ਪਸ਼ੂਧਨ ਮੁਕਾਬਲਿਆਂ ਵਿੱਚ ਇਨਾਮ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਪਸ਼ੂ ਪਾਲਕ ਦੀ ਮੱਝ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ 8 ਤੋਂ 12 ਜਨਵਰੀ ਤੱਕ ਹੋਈ ਕੌਮੀ ਪੱਧਰ ਦੀ ਪਸ਼ੂਧਨ ਚੈਂਪਿਅਨਸ਼ਿਪ ਦੇ ਦੁੱਧ ਚੁਆਈ ਦੇ ਮੁਕਾਬਲਿਆਂ ਵਿੱਚ ਸਭ ਤੋਂ ਵੱਧ 23.913 ਕਿਲੋਗ੍ਰਾਮ ਦੁੱਧ ਦੇ ਕੇ ਰਿਕਾਰਡ ਕਾਇਮ ਕੀਤਾ ਤੇ 1.50 ਲੱਖ ਰੁਪਏ ਦਾ ਪਹਿਲਾ ਇਨਾਮ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਤੋਂ ਹਾਸਲ ਕੀਤਾ। ਬਲਵਿੰਦਰ ਸਿੰਘ ਦੀਆਂ 5 ਮੱਝਾਂ ਤੇ ਇੱਕ ਗਾਂ ਨੇ ਇਸ ਕੌਮੀ ਪਸ਼ੂਧਨ ਤੇ ਦੁੱਧ ਚੁਆਈ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਕੁੱਲ 4 ਲੱਖ 3 ਹਜਾਰ ਰੁਪਏ ਦੇ 7 ਇਨਾਮ ਜਿੱਤੇ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀਂ ਮੁਰਹਾ ਨਸਲ ਦੀ ਮੱਝ ਨੇ ਦੁੱਧ ਚੁਆਈ ਦੇ ਮੁਕਾਬਲਿਆਂ ਵਿੱਚ ਸਭ ਤੋਂ ਵੱਧ 23.913 ਕਿਲੋਗ੍ਰਾਮ ਦੁੱਧ ਦੇ ਕੇ 1.50 ਲੱਖ ਰੁਪਏ ਦਾ ਪਹਿਲਾ ਇਨਾਮ, ਉਸ ਦੀ ਮੁਰਹਾ ਨਸਲ ਦੀ ਇੱਕ ਝੋਟੀ ਨੇ ਨਸਲੀ ਮੁਕਾਬਲਿਆਂ ਵਿੱਚ 1 ਲੱਖ ਰੁਪਏ ਦਾ ਦੂਜਾ ਇਨਾਮ ਅਤੇ ਇਸੇ ਝੋਟੀ ਨੇ ਪਸ਼ੂਧਨ ਚੈਂਪਿਅਨਸ਼ਿਪ ‘ਚ 51 ਹਜਾਰ ਰੁਪਏ ਦਾ ਤੀਜਾ ਇਨਾਮ ਹਾਸਲ ਕੀਤਾ। ਉਸ ਦੀ ਨੀਲੀ ਰਾਵੀ ਨਸਲ ਦੀ ਮੱਝ ਨੇ ਦੁੱਧ ਚੁਆਈ ਮੁਕਾਬਲਿਆਂ ਵਿੱਚ 51 ਹਜਾਰ ਰੁਪਏ ਦਾ ਤੀਜਾ ਇਨਾਮ ਅਤੇ ਨਸਲੀ ਮੁਕਾਬਲਿਆਂ ਵਿੱਚ 7ਵੇਂ ਸਥਾਨ ‘ਤੇ ਰਹਿ ਕੇ 10 ਹਜਾਰ ਰੁਪਏ ਦਾ ਇਨਾਮ ਜਿੱਤਿਆ। ਉਸ ਦੀ ਇੱਕ ਹੋਰ ਮੱਝ ਨੇ ਦੁੱਧ ਚੁਆਈ ਦੇ ਮੁਕਾਬਲਿਆਂ ਵਿੱਚ ਚੌਥਾ ਸਥਾਨ ਹਾਸਲ ਕਰਕੇ 31 ਹਜਾਰ ਰੁਪਏ ਦਾ ਇਨਾਮ ਅਤੇ ਉਸ ਦੀ ਇੱਕ ਜਰਸੀ ਨਸਲ ਦੀ ਗਾਂ ਨੇ 6ਵੇਂ ਸਥਾਨ ‘ਤੇ ਰਹਿ ਕੇ 10 ਹਜਾਰ ਰੁਪਏ ਦਾ ਇਨਾਮ ਹਾਸਲ ਕੀਤਾ। ਬਲਵਿੰਦਰ ਸਿੰਘ ਨੇ ਹੋਰ ਦੱਸਿਆ ਕਿ ਹਾਰਲੈਕਸ ਵੱਲੋਂ 1983 ਵਿੱਚ ਕਰਵਾਏ ਗਏ ਪਸ਼ੂਧਨ ਮੁਕਾਬਲਿਆਂ ਵਿੱਚ ਉਸ ਨੇ ਹਿੱਸਾ ਲਿਆ ਸੀ ਜਿਥੋਂ ਉਸ ਨੂੰ ਪਸ਼ੂਆਂ ਦੀ ਨਸਲ ਸੁਧਾਰਨ ਦੀ ਚੇਟਕ ਲੱਗ ਗਈ ਅਤੇ ਉਸ ਨੇ 1990 ਵਿੱਚ ਵਿਗਿਆਨਕ ਢੰਗ ਤਰੀਕੇ ਨਾਲ ਪਸ਼ੂਆਂ ਦੀ ਨਸਲ ਸੁਧਾਰਨ ਦਾ ਕੰਮ ਸ਼ੁਰੂ ਕੀਤਾ। ਜਿਸ ਦਾ ਪਹਿਲਾ ਨਤੀਜਾ ਉਸ ਨੂੰ ਸਾਲ 2010 ਵਿੱਚ ਮਿਲਿਆ ਜਦੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਨੈਸ਼ਨਲ ਪਸ਼ੂਧਨ ਚੈਂਪਿਅਨਸ਼ਿਪ ਵਿੱਚ ਉਸ ਦੀ ਮੱਝ ਸਾਰੀਆਂ ਮੱਝਾ ਤੋਂ ਵੱਧ ਦੁੱਧ ਦੇ ਕੇ ਓਵਰ ਆਲ ਚੈਂਪੀਅਨ ਰਹੀ। ਉਨ੍ਹਾਂ ਪਸ਼ੂ ਪਾਲਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰਨ ਵੱਲ ਵਿਸ਼ੇਸ ਧਿਆਨ ਦੇਣ ਕਿਉਂਕਿ ਇਸ ਕਿੱਤੇ ਵਿੱਚ ਘੱਟ ਖਰਚ ਕਰਕੇ ਵਧੀਆ ਨਸਲ ਦੇ ਦੁਧਾਰੂ ਪਸ਼ੂਆਂ ਤੋਂ ਹੀ ਵਧੇਰੇ ਮੁਨਾਫਾ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦੁੱਧ ਦੀ ਮੰਗ ਵੱਧਣ ਨਾਲ ਇਸ ਧੰਦੇ ਦੇ ਹੋਰ ਪ੍ਰਫੁੱਲਤ ਹੋਣ ਦੀਆਂ ਬਹੁਤ ਸੰਭਾਵਨਾਵਾਂ ਹਨ । ਉਸ ਨੇ ਕਿਹਾ ਕਿ ਉਹ ਇਸ ਧੰਦੇ ਨੂੰ ਹੋਰ ਵਧਾਉਣ ਲਈ ਡੇਅਰੀ ਵਿਕਾਸ ਵਿਭਾਗ ਦੀ ਸਹਾਇਤਾ ਨਾਲ ਆਧੁਨਿਕ ਕੈਟਲ ਸ਼ੈਡ ਉਸਾਰਨ ਲਈ ਸਹਿਕਾਰੀ ਬੈਂਕ ਤੋਂ ਕਰਜਾ ਲਵੇਗਾ ਕਿਉਂਕਿ ਇਹ ਬੈਂਕ ਹੋਰਨਾਂ ਵਪਾਰਕ ਬੈਂਕਾਂ ਤੋਂ ਸਸਤੀ ਵਿਆਜ ਦਰ ‘ਤੇ ਪਸੂ ਪਾਲਣ ਦੇ ਧੰਦੇ ਨੂੰ ਉਤਸਾਹਤ ਕਰਨ ਲਈ ਕਰਜੇ ਦਿੰਦਾ ਹੈ ਅਤੇ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਲੋੜੀਂਦੇ ਉਪਾਅ ਵਰਤ ਕੇ ਡੇਂਗੂ ਬੁਖਾਰ ਤੋਂ ਬਚਿਆ ਜਾ ਸਕਦਾ ਹੈ – ਡਾ. ਸੋਢੀ

Default

ਫ਼ਤਹਿਗੜ੍ਹ ਸਾਹਿਬ, 22 ਜਨਵਰੀ – ਜ਼ਿਲ੍ਹੇ ਦੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਗੁਰਦਿੱਤ ਸਿੰਘ ਸੋਢੀ ਨੇ ਦੱਸਿਆ ਕਿ ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ ਪਾਣੀ ਵਿੱਚ ਪਲਦੇ ਹਨ, ਇਸ ਤੋਂ ਇਲਾਵਾ ਕੂਲਰਾਂ ਵਿੱਚ, ਪਾਣੀ ਦੀਆਂ ਟੈਂਕੀਆਂ ਵਿੱਚ, ਫੁੱਲਾਂ ਦੇ ਗਮਲਿਆਂ ਵਿੱਚ, ਟੁੱਟੇ ਭੱਜੇ ਜਾਂ ਸੁੱਟੇ ਬਰਤਨਾਂ ਅਤੇ ਟਾਇਰਾਂ ਵਿੱਚ ਇਹ ਮੱਛਰ ਫੈਲਦਾ ਹੈ । ਉਨ੍ਹਾਂ ਕਿਹਾ ਕਿ ਇਸ ਤੋਂ ਬਚਾਅ ਲਈ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ, ਪਾਣੀ ਦੇ ਭਰੇ ਬਰਤਨਾਂ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਕੂਲਰਾਂ ਦਾ ਪਾਣੀ ਹਫਤੇ ਵਿੱਚ ਇੱਕ ਵਾਰ ਬਦਲ ਕੇ ਸੁਕਾਉਣਾ ਜਰੂਰ ਚਾਹੀਦਾ ਹੈ ਅਤੇ ਪੂਰੇ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਕੱਪੜਿਆਂ ਦੀ ਵਰਤੋਂ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਮਰੀਜ ਨੂੰ ਤੇਜ ਬੁਖਾਰ ਹੋਵੇ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਚੈਕਅੱਪ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਤੋਂ ਬਚਾਅ ਲਈ ਅਗੇਤੇ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਬਿਮਾਰੀ ਦੇ ਮਰੀਜਾਂ ਲਈ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵਿਸ਼ੇਸ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ ਅਤੇ ਮਰੀਜਾਂ ਲਈ ਲੋੜੀਂਦੀਆਂ ਦਵਾਈਆਂ ਤੋਂ ਇਲਾਵਾ ਟੈਸਟ ਕਰਨ ਦੇ ਵੀ ਪ੍ਰਬੰਧ ਕੀਤੇ ਗਏ ਹਨ। ਡਾ. ਸੋਢੀ ਨੇ ਦੱਸਿਆ ਕਿ ਤੇਜ ਸਿਰ ਦਰਦ ਅਤੇ ਤੇਜ ਬੁਖਾਰ, ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਜੀ ਕੱਚਾ ਅਤੇ ਉਲਟੀਆਂ ਹੋਣੀਆਂ, ਹਾਲਤ ਖਰਾਬ ਹੋਣ ਤੇ ਨੱਕ, ਮੂੰਹ ਤੇ ਮਸੂੜਿਆਂ ਵਿੱਚੋਂ ਖੂਨ ਵਗਣਾ ਡੇਂਗੂ ਦੀਆਂ ਨਿਸ਼ਾਨੀਆਂ ਹਨ। ਉਨ੍ਹਾਂ ਕਿਹਾ ਕਿ ਡੇਂਗੂ ਇੱਕ ਕਿਸਮ ਦਾ ਵਾਇਰਲ ਬੁਖਾਰ ਹੈ ਜੋ ਕਿ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਰਾਹੀਂ ਫੈਲਦਾ ਹੈ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਆਯੂਸ਼ ਵਿਭਾਗ ਵੱਲੋਂ ਪਿੰਡ ਬਰਾਸ ਵਿਖੇ ਸਪੈਸ਼ਲ ਆਊਟ-ਰੀਚ ਕੈਂਪ 28 ਜਨਵਰੀ ਨੂੰ

2014_9image_15_14_496645598abc-ll

ਫ਼ਤਹਿਗੜ੍ਹ ਸਾਹਿਬ, 22 ਜਨਵਰੀ – ਪੰਜਾਬ ਸਰਕਾਰ ਦੇ (ਆਯੂਰਵੈਦਿਕ ਤੇ ਹੋਮਿਓਪੈਥਿਕ ਵਿਭਾਗ) ਆਯੂਸ਼ ਵੱਲੋਂ 28 ਜਨਵਰੀ ਨੂੰ ਪਿੰਡ ਬਰਾਸ ਦੇ ਗੁਰਦੁਆਰਾ ਸਾਹਿਬ ਵਿਖੇ ਆਯੂਸ਼ ਸਪੈਸ਼ਲ ਆਊਟ -ਰੀਚ-ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਆਯੂਰਵੈਦਿਕ ਅਤੇ ਹੋਮਿਓਪੈਥਿਕ ਦੇ ਮਾਹਰ ਡਾਕਟਰਾਂ ਵੱਲੋਂ ਪੁਰਾਣੀਆਂ ਅਤੇ ਨਵੀਂਆਂ ਬਿਮਾਰੀਆਂ ਦੇ ਮਰੀਜਾਂ ਦਾ ਚੈਕਅੱਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ. ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਚਮੜੀ ਦੇ ਰੋਗਾਂ, ਜੋੜਾਂ ਦਾ ਦਰਦ, ਪੁਰਾਣਾ ਨਜਲਾ, ਰਸੋਲੀਆਂ, ਭੌਰੀਆਂ ਅਤੇ ਗਦੂਦਾਂ ਦਾ ਚੈਕਅੱਪ ਕੀਤਾ ਜਾਵੇਗਾ ਅਤੇ ਇਹ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਆਯੂਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਦਾ ਮਨੁੱਖੀ ਸ਼ਰੀਰ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਅਤੇ ਬਿਮਾਰੀ ਵੀ ਜੜ੍ਹੋ ਖਤਮ ਹੋ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈ ਕੇ ਇਸ ਕੈਂਪ ਦਾ ਲਾਭ ਉਠਾਉਣ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਐਸ.ਡੀ.ਐਮਜ਼ ਚਾਈਨਜ਼ ਡੋਰ ਦੀ ਵਿਕਰੀ ‘ਤੇ ਮੁਕੰਮਲ ਪਾਬੰਦੀ ਲਈ ਪੜਤਾਲੀਆ ਟੀਮਾਂ ਬਣਾਉਣ – ਸੰਘਾ

kintes

ਫ਼ਤਹਿਗੜ੍ਹ ਸਾਹਿਬ, 21 ਜਨਵਰੀ – ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 20 ਜਨਵਰੀ 2015 ਨੂੰ ਚਾਈਨੀਜ਼/ਸਿੰਥੈਟਿਕ ਡੋਰ ਦੀ ਵਰਤੋਂ, ਭੰਡਾਰ ਅਤੇ ਵੇਚਣ ਦੀ ਰੋਕਥਾਮ ਲਈ ਦਿੱਤੇ ਫੈਸਲੇ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਸ੍ਰ: ਕਮਲਦੀਪ ਸਿੰਘ ਸੰਘਾ ਨੇ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਅੰਦਰ ਚਾਈਨਜ਼ ਡੋਰ ਦੀ ਮੁਕੰਮਲ ਰੋਕਥਾਮ ਸਬੰਧੀ ਪੜਤਾਲੀਆ ਟੀਮਾਂ ਦਾ ਗਠਨ ਕਰਕੇ ਛਾਪੇ ਮਾਰੇ ਜਾਣ ਤਾਂ ਜੋ ਚਾਈਨਜ਼ ਡੋਰ ਦੀ ਵਿਕਰੀ, ਸਟੋਰ ਕਰਨ ਅਤੇ ਖਰੀਦ ਨੂੰ ਮੁਕੰਮਲ ਤੌਰ ‘ਤੇ ਰੋਕਿਆ ਜਾ ਸਕੇ। ਉਨ੍ਹਾਂ ਇਹ ਆਦੇਸ਼ ਵੀ ਦਿੱਤੇ ਕਿ ਚਾਈਨਜ਼ ਡੋਰ ਦੇ ਮਾੜੇ ਪ੍ਰਭਾਵਾਂ ਬਾਰੇ ਆਪੋ-ਆਪਣੇ ਖੇਤਰਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਜੇਕਰ ਕੋਈ ਵਿਅਕਤੀ ਇਸ ਡੋਰ ਨੂੰ ਵੇਚ ਜਾਂ ਸਟੋਰ ਕਰ ਰਿਹਾ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਮੂਹ ਐਸ.ਡੀ.ਐਮਜ ਨੂੰ ਇਹ ਵੀ ਕਿਹਾ ਕਿ ਜ਼ਿਲ੍ਹੇ ਅੰਦਰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਚਾਈਨੀਜ਼ ਡੋਰ ਦੀ ਵਰਤੋਂ, ਵਿਕਰੀ ਅਤੇ ਸਟੋਰ ਕਰਨ ਵਿਰੁੱਧ ਦਿੱਤੇ ਫੈਸਲੇ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਸ. ਸੰਘਾ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪਤੰਗ ਉਡਾਉਣ ਲਈ ਅਜਿਹੀ ਡੋਰ ਦੀ ਵਰਤੋਂ ਕਰਨ ਤੋਂ ਰੋਕਣ ਕਿਉਂਕਿ ਇਸ ਡੋਰ ਦੀ ਵਰਤੋਂ ਜਿਥੇ ਮਨੁੱਖੀ ਸਰੀਰ ਲਈ ਖਤਰਨਾਕ ਸਾਬਤ ਹੁੰਦੀ ਹੈ ਉਥੇ ਹੀ ਇਸ ਨਾਲ ਕਈ ਵਾਰ ਪੰਛੀਆਂ ਦੇ ਫਸ ਕੇ ਮਰ ਜਾਣ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ ਅਤੇ ਇਸ ਡੋਰ ਵਿੱਚ ਫਸ ਕੇ ਮਰੇ ਪੰਛੀਆਂ ਦੇ ਦਰਖਤਾਂ ਵਿੱਚ ਟੰਗੇ ਰਹਿ ਜਾਣ ਕਾਰਨ ਵਾਤਾਵਰਣ ਵੀ ਪ੍ਰਦੂਸ਼ਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹੱਦ ਅੰਦਰ ਫੌਜਦਾਰੀ ਦੰਡ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਸਿੰਥੈਟਿਕ/ਪਲਾਸਟਿਕ (ਚਾਈਨਜ਼) ਡੋਰ ਵੇਚਣ, ਸਟੋਰ ਕਰਨ ਅਤੇ ਖਰੀਦਣ ‘ਤੇ ਪਹਿਲਾਂ ਹੀ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।