ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਮੁੱਖ ਮੰਤਰੀ ਪੰਜਾਬ 17 ਜਨਵਰੀ ਦੀ ਥਾਂ ਹੁਣ 18 ਜਨਵਰੀ ਨੂੰ 7 ਜ਼ਿਲ੍ਹਿਆਂ ਦੇ ਐਨ.ਆਰ.ਆਈਜ਼ ਲਈ ਲੁਧਿਆਣਾ ਵਿਖੇ ਸੰਗਤ ਦਰਸ਼ਨ ਕਰਨਗੇ

Prime Minister Manmohan Singh with Punjab Chief Minister Parkash Singh Badal during a function to inaugurate Rajiv Aawas Yojana, a scheme for slum rehabilitation in urban areas in Chandigarh on Sept. 14, 2013. (Photo: IANS)

ਫ਼ਤਹਿਗੜ੍ਹ ਸਾਹਿਬ, 12 ਜਨਵਰੀ – ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਫਿਰੋਜਪੁਰ ਰੋਡ ਲੁਧਿਆਣਾ ‘ਤੇ ਸਥਿਤ ਵਿਸਲਿੰਗ ਵੁੱਡ ਰਿਜਾਰਟ ਵਿਖੇ 17 ਜਨਵਰੀ ਨੂੰ ਸਵੇਰੇ 10:30 ਵਜੇ ਹੋਣ ਵਾਲਾ ਐਨ. ਆਰ.ਆਈ. ਸੰਗਤ ਦਰਸ਼ਨ ਸੰਮੇਲਨ ਜਰੂਰੀ ਕਾਰਨਾਂ ਕਰਕੇ ਹੁਣ 18 ਜਨਵਰੀ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ ਜਿਥੇ ਕਿ ਲੁਧਿਆਣਾ, ਰੂਪਨਗਰ, ਐਸ.ਏ. ਐਸ. ਨਗਰ, ਸ਼ਹੀਦ ਭਗਤ ਸਿੰਘ ਨਗਰ, ਪਟਿਆਲਾ, ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਪ੍ਰਵਾਸੀ ਭਾਰਤੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਦਿੱਤੀ। ਉਨ੍ਹਾਂ ਜ਼ਿਲ੍ਹੇ ਨਾਲ ਸਬੰਧਤ ਸਮੂਹ ਪ੍ਰਵਾਸੀ ਭਾਰਤੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੀ ਜ਼ਿਲ੍ਹੇ ਦੇ ਕਿਸੇ ਵੀ ਵਿਭਾਗ ਨਾਲ ਸਬੰਧਤ ਕੋਈ ਸਮੱਸਿਆ ਹੈ, ਤਾਂ ਉਹ ਪ੍ਰਵਾਸੀ ਭਾਰਤੀ ਪੰਜਾਬੀ ਮਾਮਲਿਆਂ ਸਬੰਧੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਲਈ ਨਿਯੁਕਤ ਕੀਤੇ ਨੋਡਲ ਅਫਸਰ-ਕਮ-ਜ਼ਿਲ੍ਹਾ ਮਾਲ ਅਫਸਰ ਸ. ਕਿਰਨਜੀਤ ਸਿੰਘ ਟਿਵਾਣਾ ਜਾਂ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ: ਰਵਜੋਤ ਗਰੇਵਾਲ ਕੋਲ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਨੋਡਲ-ਕਮ-ਜ਼ਿਲ੍ਹਾ ਮਾਲ ਅਫਸਰ ਦੇ ਟੈਲੀਫੋਨ ਨੰਬਰ 01763-232838 ਜਾਂ ਉਨ੍ਹਾਂ ਦੇ ਮੋਬਾਇਲ ਨੰਬਰ 94170-42637 ‘ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਪ੍ਰਵਾਸੀ ਭਾਰਤੀ ਪੰਜਾਬੀ, ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਤਕਲੀਫਾਂ ਸਬੰਧੀ ਆਪਣੀਆਂ ਅਰਜੀਆਂ ਸਿੱਧੇ ਤੌਰ ‘ਤੇ ਲੁਧਿਆਣਾ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਐਨ.ਆਰ.ਆਈ. ਸੰਗਤ ਦਰਸ਼ਨ ਸੰਮੇਲਨ ਵਿੱਚ ਵੀ ਦੇ ਸਕਦੇ ਹਨ। ਸ. ਸੰਘਾ ਨੇ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਜ਼ਿੰਨਾਂ ਵਿਭਾਗਾਂ ਵਿੱਚ ਪ੍ਰਵਾਸੀ ਭਾਰਤੀ ਪੰਜਾਬੀਆਂ ਦੀ ਕੋਈ ਸ਼ਿਕਾਇਤ ਲੰਬਿਤ ਹੈ ਤਾਂ ਉਹ ਇਸ ਦਾ ਤੁਰੰਤ ਨਿਪਟਾਰਾ ਕਰਕੇ ਨੋਡਲ ਅਫਸਰ ਨੂੰ ਰਿਪੋਰਟ ਕਰਨ। ਉਨ੍ਹਾਂ ਇਹ ਨਿਰਦੇਸ਼ ਵੀ ਦਿੱਤੇ ਕਿ ਪ੍ਰਵਾਸੀ ਭਾਰਤੀ ਪੰਜਾਬੀਆਂ ਨਾਲ ਸਬੰਧਤ ਮਸਲੇ ਪਹਿਲ ਦੇ ਅਧਾਰ ‘ਤੇ ਹੱਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਭਾਗ ਵਿੱਚ ਪ੍ਰਵਾਸੀ ਭਾਰਤੀ ਪੰਜਾਬੀਆਂ ਨਾਲ ਸਬੰਧਤ ਕੋਈ ਮਸਲਾ ਲੰਬਿਤ ਪਿਆ ਹੋਵੇਗਾ ਤਾਂ ਸਬੰਧਤ ਅਧਿਕਾਰੀ ਨੂੰ ਇਸ ਲਈ ਜਿੰਮੇਵਾਰ ਠਹਿਰਾਇਆ ਜਾਵੇਗਾ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਜੈਵਿਕ ਖੇਤੀ ਸਬੰਧੀ ਕਿਸਾਨ-ਸਾਇੰਸਦਾਨ ਮਿਲਣੀ ਕਰਵਾਈ

photo kvk

ਫ਼ਤਹਿਗੜ੍ਹ ਸਾਹਿਬ, 12 ਜਨਵਰੀ – ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਵਿਖੇ ਜੈਵਿਕ ਖੇਤੀ ਸਬੰਧੀ ਕਿਸਾਨ-ਸਾਇੰਸਦਾਨ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ‘ਚ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਜੀ.ਪੀ.ਐਸ ਸੋਢੀ ਨੇ ਸੰਮੇਲਨ ਵਿਚ ਪੁੱੰਜੇ ਮਾਹਰਾਂ ਅਤੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮਿਲਣੀ ‘ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਸਲ ਵਿਗਿਆਨੀ ਡਾ. ਚਰਨਜੀਤ ਸਿੰਘ ਔਲਖ ਅਤੇ ਪ੍ਰੋਜੈਕਟ ਇੰਚਾਰਜ ਡਾ. ਮਧੂ ਗਿੱਲ ਪੰਜਾਬ ਐਗਰੀਕਲਚਰਲ ਐਕਸਪੋਰਟ ਕਾਰਪੋਰੇਸ਼ਨ ਵਿਸ਼ੇਸ ਤੌਰ ਤੇ ਸ਼ਾਮਲ ਹੋਏ। ਸਹਾਇਕ ਪ੍ਰੌਫੈਸਰ ਬਾਗਬਾਨੀ ਡਾ. ਅਰਵਿੰਦਪੀ੍ਰਤ ਕੋਰ ਨੇ ਕਿਸਾਨਾਂ ਨੂੰ ਫਲਾਂ ਅਤੇ ਸਬਜੀਆਂ ਦੀ ਜੈਵਿਕ ਖੇਤੀ ਕਰਨ ਲਈ ਪ੍ਰੇਰਿਆ। ਸਹਾਇਕ ਪ੍ਰੌਫੈਸਰ ਫਸਲ ਵਿਗਿਆਨ ਡਾ.ਮਨਿੰਦਰ ਕੋਰ, ਨੇ ਸੰਮੇਲਨ ਵਿੱਚ ਪੁੱਜੇ ਕਿਸਾਨਾਂ ਨੂੰ ਜੈਵਿਕ ਖੇਤੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਡਾ. ਚਰਨਜੀਤ ਸਿੰਘ ਔਲਖ ਨੇ ਜੈਵਿਕ ਖੇਤੀ ਨੂੰ ਹੋਰ ਸੁਚਾਰੂ ਢੰਗ ਨਾਲ ਕਰਨ ਬਾਰੇ ਜਾਗਰੂਕ ਕੀਤਾ। ਉਹਨਾਂ ਜੈਵਿਕ ਖੇਤੀ ਲਈ ਲੋੜੀਂਦੇ ਮਾਪਦੰਡਾਂ ਬਾਰੇ ਅਤੇ ਜੈਵਿਕ ਖਾਦਾਂ ਰਾਹੀ ਖੁਰਾਕੀ ਤੱਤਾਂ ਦੀ ਪੂਰਤੀ ਬਾਰੇ ਵੀ ਦੱਸਿਆ। ਉਹਨਾਂ ਜੈਵਿਕ ਖੇਤੀ ਵਿੱਚ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਸਾਂਝੀ ਕੀਤੀ। ਡਾ. ਮਧੂ ਗਿੱਲ ਨੇ ਜੈਵਿਕ ਖੇਤੀ ਦੀ ਸਰਟੀਫਿਕੇਸ਼ਨ ਅਤੇ ਜੈਵਿਕ ਉਤਪਾਦ ਦੇ ਮੰਡੀਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ। ਉਹਨਾਂ ਕਿਸਾਨਾਂ ਨੁੰ ਪੰਜਾਬ ਐਗਰੀਕਲਚਰਲ ਐਕਸਪੋਰਟ ਕਾਰਪੋਰੇਸ਼ਨ ਦੇ ਨਾਲ ਜੁੜਨ ਲਈ ਪ੍ਰੇਰਿਆ ਤਾਂ ਜੋ ਆਉਣ ਵਾਲੀਆਂ ਪੀੜੀਆਂ ਲਈ ਸਿਹਤਮੰਦ ਉਤਪਾਦ ਪੈਦਾ ਕੀਤੇ ਜਾ ਸਕਣ ਅਤੇ ਮਨੁੱਖਤਾ ਨੂੰ ਦਰਪੇਸ਼ ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਅਗਾਂਹਵਧੂ ਜੈਵਿਕ ਕਿਸਾਨ ਸ. ਜਸਬੀਰ ਸਿੰਘ ਹਿੰਦੂਪੁਰ ਨੇ ਵੀ ਜੈਵਿਕ ਖੇਤੀ ਸਬੰਧੀ ਸਾਇੰਸਦਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਜ਼ਿਲ੍ਹੇ ਵਿੱਚ ਯੂਰੀਆ ਖਾਦ ਦੀ ਜਮ੍ਹਾਂਖੋਰੀ ਬਾਰੇ ਕੋਈ ਸ਼ਿਕਾਇਤ ਨਹੀਂ – ਸੰਘਾ

Urea-supply

ਫ਼ਤਹਿਗੜ੍ਹ ਸਾਹਿਬ, 12 ਜਨਵਰੀ – ਪੰਜਾਬ ਸਰਕਾਰ ਦੇ ਨਿਰਦੇਸ਼ ਅਨੁਸਾਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਵਾਸਤੇ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼, ਸਹਿਕਾਰਤਾ ਵਿਭਾਗ ਦੇ ਅਧਿਕਾਰੀ ਅਤੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲਗਾਤਾਰ ਖਾਦ ਦੇ ਡੀਲਰਾਂ ਦੇ ਸਟੋਰਾਂ ਦੀ ਨਿਗਰਾਨੀ ਯਕੀਨੀ ਬਣਾਉਣ ਤਾਂ ਜੋ ਸਾਰੇ ਕਿਸਾਨਾਂ ਨੂੰ ਇੱਕਸਾਰਤਾ ਨਾਲ ਯੂਰੀਆ ਖਾਦ ਦੀ ਸਪਲਾਈ ਜਾਰੀ ਰਹੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਿਧਰੋਂ ਵੀ ਕਿਸੇ ਵੀ ਖਾਦ ਦੇ ਡੀਲਰ ਵੱਲੋਂ ਯੂਰੀਆ ਖਾਦ ਦੀ ਜਮ੍ਹਾਂਖੋਰੀ ਕਰਨ ਜਾਂ ਯੂਰੀਆ ਖਾਦ ਨਾਲ ਜਬਰਦਸਤੀ ਨਦੀਨ ਨਾਸ਼ਕ ਜਾਂ ਕੀਟ ਨਾਸ਼ਕ ਦਵਾਈਆਂ ਵੇਚਣ ਸਬੰਧੀ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ। ਸ. ਸੰਘਾ ਨੇ ਕਿਹਾ ਕਿ ਜੇਕਰ ਕੋਈ ਅਜਿਹੀ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਵਿਅਕਤੀ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਯੂਰੀਆ ਖਾਦ ਦੀ ਸਪਲਾਈ ਨੂੰ ਯਕੀਨੀ ਬਣਾਉਣ ਵਾਸਤੇ ਯੂਰੀਆ ਖਾਦ ਮੁਹੱਈਆ ਕਰਵਾਉਣ ਵਾਲੀਆਂ ਮਾਰਕਫੈਡ, ਇਫਕੋ ਅਤੇ ਹੋਰ ਏਜੰਸੀਆਂ ਨਾਲ ਲਗਾਤਾਰ ਤਾਲਮੇਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 96 ਹਜਾਰ 725 ਹੈਕਟੇਅਰ ਰਕਬਾ ਫਸਲਾਂ ਹੇਠ ਹੈ ਜਿਸ ਵਿੱਚੋਂ 84 ਹਜਾਰ ਹੈਕਟੇਅਰ ਰਕਬਾ ਕਣਕ ਦੀ ਫਸਲ ਹੇਠ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁਲ 36, 380 ਮੀਟਰਕ ਟਨ ਯੂਰੀਆ ਖਾਦ ਦੀ ਲੋੜ ਹੈ ਅਤੇ ਹੁਣ ਤੱਕ 29 ਹਜਾਰ 853 ਮੀਟਰਕ ਟਨ ਯੂਰੀਆ ਜ਼ਿਲ੍ਹੇ ਵਿੱਚ ਪ੍ਰਾਪਤ ਹੋ ਚੁੱਕਾ ਹੈ ਅਤੇ ਬਾਕੀ ਲੋੜੀਂਦੀ ਖਾਦ ਆਉਦੇ ਦਿਨਾਂ ਵਿੱਚ ਪਹੁੰਚ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਯੂਰੀਆ ਖਾਦ ਦੀ ਸਪਲਾਈ ਨੂੰ ਯਕੀਨੀ ਬਣਾਉਣ ਵਾਸਤੇ ਸਮੇਂ-ਸਮੇਂ ‘ਤੇ ਲੋੜੀਂਦੇ ਕਦਮ ਚੁੱਕੇ ਜਾਣਗੇ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਅਨੁਸੂਚਿਤ ਜਾਤੀਆਂ ਦੇ 357 ਲਾਭ ਪਾਤਰਾਂ ਨੂੰ 2 ਕਰੋੜ 41 ਲੱਖ ਦੇ ਕਰਜ਼ੇ ਵੰਡੇ – ਸੰਘਾ

unnamed (1)

ਫਤਹਿਗੜ੍ਹ ਸਾਹਿਬ – 12 ਜਨਵਰੀ – ਅਨੁਸੂਚਿਤ ਜਾਤੀਆਂ ਦੇ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ 357 ਲਾਭ ਪਾਤਰਾਂ ਨੂੰ 2 ਕਰੋੜ 41 ਲੱਖ 89 ਹਜਾਰ ਰੁਪਏ ਦਾ ਕਰਜ਼ਾ ਘੱਟ ਵਿਆਜ਼ ਦਰ ‘ਤੇ ਵੱਖ-ਵੱਖ ਬੈਂਕਾਂ ਵੱਲੋਂ ਦਿਵਾਇਆ ਗਿਆ, ਜਿਨ੍ਹਾਂ ਨੂੰ 19.20 ਲੱਖ ਰੁਪਏ ਦੀ ਸਬਸਿਡੀ ਵੀ ਵੰਡੀ ਗਈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਕਾਰਪੋਰੇਸ਼ਨ ਦੀ ਜ਼ਿਲ੍ਹਾ ਇਕਾਈ ਵੱਲੋਂ ਬੈਂਕਾਂ ਰਾਹੀਂ ਕਰਜ਼ਾ ਸਕੀਮ ਅਧੀਨ 192 ਲਾਭਪਾਤਰਾਂ ਨੂੰ 54 ਲੱਖ 25 ਹਜ਼ਾਰ ਰੁਪਏ ਦਾ ਕਰਜ਼ਾ ਵੰਡਿਆ ਗਿਆ। ਸ਼੍ਰੀ ਸੰਘਾ ਨੇ ਦੱਸਿਆ ਕਿ ਸਿੱਧਾ ਕਰਜ਼ਾ ਸਕੀਮ ਅਧੀਨ ਵੀ 165 ਲਾਭਪਾਤਰਾਂ ਨੂੰ 1 ਕਰੋੜ 60 ਲੱਖ 79 ਹਜ਼ਾਰ ਰੁਪਏ ਦਾ ਕਰਜ਼ਾ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ 10 ਹਜ਼ਾਰ ਰੁਪਏ ਤੋਂ ਲੈ ਕੇ 3 ਲੱਖ ਰੁਪਏ ਤੱਕ ਦਾ ਕਰਜ਼ਾ ਕੋਈ ਵੀ ਧੰਦਾ ਸ਼ੁਰੂ ਕਰਨ ਲਈ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਵਿਆਜ ਦੀ ਦਰ 8 ਫੀਸਦੀ ਤੱਕ ਸਲਾਨਾ ਹੁੰਦੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਅਧੀਨ ਕਾਰਪੋਰੇਸ਼ਨ ਵੱਲੋਂ ਲਾਭਪਾਤਰਾਂ ਨੂੰ ਲਾਹੇਵੰਦ ਧੰਦੇ ਸ਼ੁਰੂ ਕਰਨ ਵਾਸਤੇ ਕਰਜੇ ਦਿੱਤੇ ਜਾਂਦੇ ਹਨ ਜਿਸ ਵਿੱਚੋਂ 50 ਫੀਸਦੀ ਜਾਂ 10 ਹਜ਼ਾਰ ਰੁਪਏ ਜੋ ਵੀ ਘੱਟ ਹੋਵੇ, ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਲਾਭਪਾਤਰ ਦੀ ਸਲਾਨਾ ਪਰਿਵਾਰਕ ਆਮਦਨ ਗਰੀਬ ਪਰਿਵਾਰਾਂ ਲਈ ਨਿਸ਼ਚਿਤ ਕੀਤੀ ਆਮਦਨ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਹੋਰ ਦੱਸਿਆ ਕਿ ਲੋੜਵੰਦ ਲਾਭਪਾਤਰ ਇਸ ਸਕੀਮ ਅਧੀਨ ਕਰਜ਼ਾ ਲੈਣ ਵਾਸਤੇ ਸ਼ਹਿਰਾਂ ਵਿੱਚ ਮਿਊਂਸਿਪਲ ਕਮਿਸ਼ਨਰ ਅਤੇ ਪਿੰਡਾਂ ਵਿੱਚ ਸਰਪੰਚ ਜਾਂ ਅਨੁਸੂਚਿਤ ਜਾਤੀ ਦੇ ਮੈਂਬਰ ਪੰਚਾਇਤ ਤੋਂ ਕਰਜ਼ਾ ਫਾਰਮ ਤਸਦੀਕ ਕਰਵਾ ਕੇ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਕੋਲ ਦੇ ਸਕਦੇ ਹਨ। ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਬਲਰਾਮ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਐਜੂਕੇਸ਼ਨ ਕਰਜੇ ਦੇ 3 ਲਾਭਪਾਤਰਾਂ ਨੂੰ 11 ਲੱਖ ਦੇ ਕਰਜੇ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਹ ਕਰਜੇ ਡਿਪਲੋਮਾ, ਡਿਗਰੀ ਦੀ ਉਚੇਰੀ ਸਿੱਖਿਆ, ਐਮ.ਬੀ.ਬੀ.ਐਸ., ਬੀ.ਡੀ.ਐਸ. , ਵੈਟਰਨਰੀ ਇੰਜੀਨੀਅਰਿੰਗ, ਆਰਕੀਟੈਕਚਰ, ਡਰਾਫਟਸਮੈਨ, ਖੇਤੀਬਾੜੀ ਦੀ ਐਮ.ਐਸ.ਸੀ. ਕੋਰਸਾਂ ਲਈ ਸਮੈਸਟਰ ਦੇ ਹਿਸਾਬ ਨਾਲ ਦਿੱਤੇ ਜਾਂਦੇ ਹਨ। ਜੋ ਕਿ ਲਾਭਪਾਤਰ ਨੂੰ ਕੋਰਸ ਖਤਮ ਹੋਣ ਤੋਂ ਇੱਕ ਸਾਲ ਬਾਅਦ ਕਿਸ਼ਤਾਂ ਵਿੱਚ ਮੋੜਨਾਂ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਰਾਜ ‘ਚ ਸਭ ਤੋਂ ਵੱਧ 5 ਲੱਖ ਰੁਪਏ ਦਾ ਐਜੂਕੇਸ਼ਨ ਕਰਜਾ ਦਿੱਤਾ ਗਿਆ ਅਤੇ ਇਹ ਜ਼ਿਲ੍ਹਾ ਪਿਛਲੇ ਕਰਜਿਆਂ ਦੀ ਰਿਕਵਰੀ ਦੇ ਮਾਮਲੇ ਵਿੱਚ ਵੀ ਰਾਜ ਦਾ ਮੋਹਰੀ ਜ਼ਿਲ੍ਹਾ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਅਨੁਸੂਚਿਤ ਜਾਤੀਆਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਵੱਲੋਂ ਨੈਸ਼ਨਲ ਅਨੁਸੂਚਿਤ ਜਾਤੀਆਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਅਤੇ ਨੈਸ਼ਨਲ ਸਫਾਈ ਕਰਮਚਾਰੀ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਲਾਭਪਾਤਰ ਦੀ ਉਮਰ 18 ਤੋਂ 55 ਸਾਲ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਨੈਸ਼ਨਲ ਅੰਗਹੀਣ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਤੋਂ ਘੱਟੋ-ਘੱਟ 40 ਫੀਸਦੀ ਅੰਗਹੀਣ ਵਿਅਕਤੀ ਭਾਵੇਂ ਉਹ ਕਿਸੇ ਵੀ ਕੈਟਾਗਿਰੀ ਨਾਲ ਸਬੰਧ ਰੱਖਦਾ ਹੋਵੇ ਅਤੇ ਜਿਸ ਦੀ ਉਮਰ 16 ਤੋਂ 50 ਸਾਲ ਤੱਕ ਹੋਵੇ, ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

‘ਪੰਜਾਬ ਯੂਨਾਈਟਿਡ ਫੁੱਟਬਾਲ ਅਕੈਡਮੀ’ ਦਾ ਗਾਇਕ ਪ੍ਰੀਤ ਹਰਪਾਲ ਤੇ ਦਿਲਪ੍ਰੀਤ ਢਿਲੋ ਵਲੋਂ ਅਗਾਜ਼

unnamed

ਖਬਰ (ਪੱਤਰ ਪ੍ਰੇਰਕ, ਫਤਿਹਗੜ੍ਹ ਸਾਹਿਬ) – ਬੀਤੀ ਸ਼ਾਮ ਫਤਿਹਗੜ੍ਹ ਸਾਹਿਬ ਸਥਿਤ ਹੋਟਲ ਪਾਮ ਰੀਜੈਂਸੀ ਵਿਖੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਨੋਜਵਾਨਾਂ ਵਲੋਂ ਵਿਸ਼ਵ ਪ੍ਰਸਿੱਧ ਖੇਡ ਫੁੱਟਬਾਲ ਦਾ ਪੰਜਾਬੀ ਨੋਜਵਾਨਾਂ ਲਈ ‘ਪੰਜਾਬ ਯੂਨਾਈਟਿਡ ਫੁੱਟਬਾਲ ਅਕੈਡਮੀ’ ਦਾ ਅਗਾਜ਼ ਆਸਟ੍ਰਲੀਆ ਤੋਂ ਮਨਬੀਰ ਸ਼ਰਮਾਂ ਦੀ ਸਰਪ੍ਰਸਤੀ ਹੇਠ ਬਲੂ ਮੂਨ ਪ੍ਰੋਡੰਕਸ਼ਨ,ਕੁਮਾਰ ਬੱਸ ਸਰਵਿਸ ਦੇ ਸਹਿਯੋਗ ਨਾਲ ਕੀਤਾ ਗਿਆ।ਜਿਸਦਾ ਰਸਮੀਂ ਉਦਘਾਟਨ ਕਰਨ ਲਈ ਉੱਘੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਤੇ ਦਿਲਪ੍ਰੀਤ ਢਿਲੋਂ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ। ਇਸ ਮੌਕੇ ਤੇ ਚਰਚਿਤ ਗਾਇਕ ਪ੍ਰੀਤ ਹਰਪਾਲ ਨੇ ਅਕੈਡਮੀ ਦੀ ਜਰਸੀ ਜਾਰੀ ਕਰਦਿਆ ਕਿਹਾ ਕਿ ਫੁੱਟਬਾਲ ਨੂੰ ਪੰਜਾਬ ਵਿਚ ਵੱਡੇ ਪੱਧਰ ਤੇ ਲੈ ਕੇ ਆਉਣਾ ਇਸ ਲਈ ਜਰੂਰੀ ਹੈ ਕਿਉਂਕਿ ਪੰਜਾਬ ਦੇ ਨੋਜਵਾਨ ਇਸ ਖੇਡ ਪ੍ਰਤੀ ਢੁਕਵੀਂ ਯੋਗਤਾ ਰੱਖਦੇ ਹਨ ਜੇਕਰ ਉਹਨਾਂ ਨੂੰ ਫੁੱਟਬਾਲ ਪ੍ਰਤੀ ਸਹੀ ਗੁਰ ਮਿਲ ਸਕਣ।ਉਹ ਹੋਰ ਖੇਡਾਂ ਵਾਂਗ ਇਸ ਖੇਡ ਨਾਲ ਵੀ ਭਾਰਤ ਦਾ ਨਾਮ ਰੌਸ਼ਨ ਕਰਨ ਦੀ ਯੋਗ ਸੱਮਰੱਥਾ ਰੱਖਦੇ ਹਨ।ਅਕੈਡਮੀ ਵਲੌਂ ਨਾਲ ਹੀ ਪ੍ਰੀਤ ਹਰਪਾਲ ਦੀ ਨਵੀਂ ਐਲਬੰਬ ‘ਵਖ਼ਤ’ ਦੀ ਸਫਲਤਾ ਲਈ ਕੇਕ ਕੱਟ ਕੇ ਖੁਸ਼ੀ ਜ਼ਾਹਿਰ ਕੀਤੀ ਨਾਲ ਹੀ ਗਾਇਕ ਪ੍ਰੀਤ ਹਰਪਾਲ,ਦਿਲਪ੍ਰੀਤ ਢਿਲੋ ਵਲੋਂ ਗੀਤਾਂ ਰਾਹੀ ਅਤੇ ਜਗਜੀਤ ਸਿੰਘ ਪੰਜੋਲੀ ਵਲੋਂ ਮਮੇਕਰੀ,ਕਮੇਡੀ ਰਾਹੀ ਆਏ ਮਹਿਮਾਨਾਂ ਦਾ ਮਨੋਰੰਜਨ ਵੀ ਕੀਤਾ ਗਿਆ। ਇਸ ਮੌਕੇ ਅਕੈਡਮੀ ਦੇ ਸਰਪ੍ਰਸਤ ਮਨਬੀਰ ਸ਼ਰਮਾਂ ਦਾ ਕਹਿਣਾ ਸੀ ਕਿ ਅਕੈਡਮੀ ਰਾਹੀ ਹਰ ਸਾਲ ਵੱਡੇ ਪੱਧਰ ਤੇ ਪੰਜਾਬ ਵਿਚ ਟੂਰਨਾਮੈਂਟ ਕਰਵਾਏ ਜਾਣਗੇ।ਪੰਜਾਬ ਯੂਨਾਈਟਿਡ ਫੁੱਟਬਾਲ ਅਕੈਡਮੀ ਨਾਲ ਵਿਦੇਸ਼ਾਂ ਵਿਚੋ ਆਸਟ੍ਰੇਲੀਆ,ਫਰਾਸ,ਯੂਕੇ,ਜਰਮਨੀ,ਇੰਗਲੈਡ ਆਦਿ ਵੱਡੇ ਮੁਲਕਾਂ ਤੋਂ ਪੰਜਾਬੀ ਨੋਜਵਾਨ ਨਾਲ ਜੁੜੇ ਹੋਏ ਹਨ।ਅਕੈਡਮੀ ਰਾਹੀ ਫੁੱਟਬਾਲ ਕੋਚ ਸਤਵੀਰ ਸਿੰਘ,ਰਣਬੀਰ ਸਿੰਘ ਵਲੋਂ ਮਾਤਾ ਸੁੰਦਰੀ ਪਬਲਿਕ ਸਕੂਲ,ਫਤਿਹਗੜ੍ਹ ਸਾਹਿਬ ਵਿਖੇ ਸਿਖਲਾਈ ਦਿਤੀ ਜਾਵੇਗੀ ਜਿਸ ਵਿਚ ਕੋਈ ਵੀ ਖਿਡਾਰੀ ਫੁੱਟਬਾਲ ਦੇ ਗੁਰ ਸਿੱਖਣ ਲਈ ਆ ਸਕਦਾ ਹੈ।ਭਵਿੱਖ ਵਿਚ ਜਿਲਾ ਅਧਾਰ ਤੇ ਪੰਜਾਬ ਯੂਨਾਈਟਿਡ ਫੁੱਟਬਾਲ ਅਕੈਡਮੀ ਵਲੋਂ ਮੁਕਾਬਲੇ ਕਰਵਾਉਣ ਦਾ ਟਿੱਚਾ ਮਿੱਥਿਆ ਗਿਆ ਹੈ।ਇਸ ਮੌਕੇ ਚਰਨਜੀਤ ਸ਼ਰਮਾਂ,ਰਾਕੇਸ਼ ਕੁਮਾਰ,ਦੀਪਕ,ਕਰਮਜੀਤ ਬੱਬੂ,ਪਰਮਜੀਤ ਸਿੰਘ, ਪ੍ਰਸ਼ਾਤ ਕੁਮਾਰ,ਜਗਦੀਸ਼ ਸਿੰਘ,ਬਿੱਟੂ ਅੜੈਚਾਂ ਆਦਿ ਹਾਜ਼ਰ ਸਨ।