ਟਿੱਪਣੀ ਕਰੋ

ਫ਼ਤਹਿਗੜ੍ਹ ਸਾਹਿਬ ਵਿਖੇ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਚੜ੍ਹੀ ਅੱਗ ਦੀ ਭੇਟ

ਫ਼ਤਹਿਗੜ੍ਹ ਸਾਹਿਬ/ਜਖਵਾਲੀ, 20 ਅ੍ਰਪੈਲ : ਸਰਹਿੰਦ-ਪਟਿਆਲਾ ਮਾਰਗ ਉੱਪਰ ਇਸ ਜ਼ਿਲ੍ਹੇ ਦੇ ਤਿੰਨ ਦਰਜਨ ਦੇ ਕਰੀਬ ਪਿੰਡਾਂ ਵਿਚ ਅੱਜ ਅਚਾਨਕ ਅੱਗ ਲੱਗਣ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਵਾਲੀ ਦੋ ਹਜ਼ਾਰ ਏਕੜ ਦੇ ਕਰੀਬ ਕਣਕ ਅਤੇ ਕਣਕ ਦਾ ਨਾੜ ਸੜ੍ਹ ਕੇ ਸੁਆਹ ਹੋ ਗਿਆ ਅਤੇ ਫਾਇਰ ਬਿਗ੍ਰੇਡ ਦੀਆਂ ਜ਼ਿਲ੍ਹੇ ਦੀਆਂ ਬੁਲਾਈਆਂ 5 ਗੱਡੀਆਂ ਵੀ ਇਸ ਅੱਗ ‘ਤੇ ਕਾਬੂ ਨਾ ਪਾ ਸਕੀਆਂ ਅਤੇ ਕਿਸਾਨਾਂ ਵਲੋਂ ਅੱਗ ਬੁਝਾਉਣ ਲਈ ਆਪਣੇ ਸਾਧਨਾਂ ਦੀ ਵੀ ਵਰਤੋਂ ਕੀਤੀ ਗਈ | ਅੱਜ ਸਵੇਰ ਤੋਂ ਹੀ ਤੇਜ਼ ਚੱਲ ਰਹੀ ਹਨੇਰੀ ਕਾਰਨ ਇਸ ਅੱਗ ਦਾ ਕਹਿਰ ਲਗਾਤਾਰ ਜਾਰੀ ਰਿਹਾ ਅਤੇ ਇਕ ਖੇਤ ਤੋਂ ਦੂਸਰੇ ਖੇਤ ਵਿਚ ਹੁੰਦੀ ਹੋਈ ਇਹ ਅੱਗ ਸਰਹਿੰਦ ਦੇ ਪਿੰਡਾਂ ਤੋਂ ਚੱਲ ਕੇ ਮੰਡੀ ਗੋਬਿੰਦਗੜ੍ਹ ਅਤੇ ਅਮਲੋਹ ਖੇਤਰ ਦੇ ਪਿੰਡਾਂ ਤੱਕ ਜਾ ਪਹੁੰਚੀ | ਇਸ ਅੱਗ ਕਾਰਨ ਕਿਸਾਨਾਂ ਦੀ ਕਣਕ, ਕਣਕ ਦਾ ਨਾੜ, ਤੂੜੀ ਦੇ ਕੁੱਪ ਅਤੇ ਗੁਹਾਰੇ ਆਦਿ ਵੀ ਲਪੇਟ ਵਿਚ ਆ ਗਏ ਅਤੇ ਸੜ ਕੇ ਸੁਆਹ ਹੋ ਗਏ | ਪ੍ਰਾਪਤ ਸੂਚਨਾ ਅਨੁਸਾਰ ਇਹ ਅੱਗ ਬਾਲਪੁਰ, ਧਤੌਾਦਾ ਅਤੇ ਜਲਖੇੜੀ ਆਦਿ ਤੋਂ ਸ਼ੁਰੂ ਹੋ ਕੇ ਤਿੰਨ ਦਰਜਨ ਦੇ ਕਰੀਬ ਪਿੰਡਾਂ ਵਿਚ ਫ਼ੇਲ੍ਹ ਗਈ | ਪਿੰਡ ਜਾਲਖੇੜੀ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਸਾਢੇ 10 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ | ਪਿੰਡ ਮੀਰਪੁਰ ਦੇ ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ 18 ਏਕੜ ਕਣਕ ਅਤੇ ਸੁੱਚਾ ਸਿੰਘ ਦੀ 10 ਏਕੜ ਕਣਕ ਅੱਗ ਦੀ ਲਪੇਟ ਵਿਚ ਆ ਗਈ | ਕਿਸਾਨਾਂ ਨੇ ਦੱਸਿਆ ਕਿ ਪਿੰਡ ਰਜਿੰਦਰ ਨਗਰ ਬੈਂ, ਨੌਲੱਖਾ, ਚਨਾਰਥਲ ਕਲਾਂ, ਚਨਾਰਥਲ ਖ਼ੁਰਦ, ਪੰਡਰਾਲੀ, ਮੀਰਪੁਰ, ਸਿੱਧਵਾਂ, ਸੰਗਤਪੁਰ ਸੋਢੀਆਂ, ਅਤਾਪੁਰ, ਖਰ੍ਹੇ, ਸਾਨੀਪੁਰ, ਚੌਰਵਾਲਾ ਅਤੇ ਬਧੌਛੀ ਕਲਾਂ ਆਦਿ ਪਿੰਡਾਂ ਵਿਚ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ | ਕਿਸਾਨਾਂ ਨੇ ਦੱਸਿਆ ਕਿ ਤਿੰਨ ਦਰਜਨ ਦੇ ਕਰੀਬ ਪਿੰਡਾਂ ਵਿਚ ਅੱਗ ਨੇ ਆਪਣਾ ਕਹਿਰ ਦਿਖਾਇਆ | ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਖ਼ੁਦ ਫਾਇਰ ਬਿ੍ਗੇਡ ਦੀ ਗੱਡੀ ਵਿਚ ਬੈਠ ਕੇ ਅੱਗ ਬੁਝਾਉਣ ਦੇ ਕਾਰਜਾਂ ਨੂੰ ਦੇਖ ਰਹੇ ਸਨ | ਇਸ ਤੋਂ ਇਲਾਵਾ ਐਸ.ਡੀ.ਐਮ. ਮਨਜੀਤ ਸਿੰਘ ਚੀਮਾ, ਨਾਇਬ ਤਹਿਸੀਲਦਾਰ ਗੁਰਪਿਆਰ ਸਿੰਘ, ਪਾਵਰਕਾਮ ਦੇ ਐਕਸੀਅਨ ਦਵਿੰਦਰ ਸਿੰਘ, ਰਵਿੰਦਰ ਸਿੰਘ ਚਨਾਰਥਲ, ਗੁਰਮਿੰਦਰ ਸਿੰਘ, ਅਮਰੀਕ ਸਿੰਘ, ਬਲਦੇਵ ਸਿੰਘ, ਮੇਵਾ ਸਿੰਘ ਰੁੜਕੀ, ਰਾਜਵਿੰਦਰ ਸਿੰਘ, ਗੁਰਿੰਦਰ ਸਿੰਘ ਜਲਖੇੜੀ, ਗੁਰਤੀਰਥ ਸਿੰਘ ਨੇ ਦੱਸਿਆ ਕਿ ਕਿਸਾਨਾਂ ਵਲੋਂ ਟਰੈਕਟਰ ਅਤੇ ਆਪਣੇ ਸਾਧਨਾਂ ਰਾਹੀਂ ਵੀ ਅੱਗ ਬੁਝਾਉਣ ਦੇ ਕਾਰਜ ਕੀਤੇ ਜਾ ਰਹੇ ਹਨ | ਇਸੇ ਦੌਰਾਨ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਅਕਾਲੀ ਦਲ ਦੇ ਇੰਚਾਰਜ ਦੀਦਾਰ ਸਿੰਘ ਭੱਟੀ, ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ ਦੇ ਦਫ਼ਤਰ ਇੰਚਾਰਜ ਅਜੈ ਸਿੰਘ ਲਿਬੜਾ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਵੀ ਪਿੰਡਾਂ ਦਾ ਦੌਰਾ ਕੀਤਾ ਅਤੇ ਪੀੜ੍ਹਤ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕੀਤੀ | ਸ੍ਰੀ ਭੱਟੀ ਨੇ ਮੰਗ ਕੀਤੀ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ | ਉਨ੍ਹਾਂ ਪਿੰਡਾਂ ਵਿਚ ਜਾ ਕੇ ਪੀੜ੍ਹਤ ਕਿਸਾਨਾਂ ਦਾ ਹਾਲ-ਚਾਲ ਪੁੱਛਿਆ ਅਤੇ ਦੁੱਖ ਸਾਂਝਾ ਕੀਤਾ | ਕਿਸਾਨਾਂ ਨੇ ਆਪਣੀ ਹਜ਼ਾਰਾਂ ਏਕੜ ‘ਚ ਫੈਲੀ ਫ਼ਸਲ ਨੂੰ ਬਚਾਉਣ ਦੇ ਲਈ ਖ਼ੁਦ ਟਰੈਕਟਰ ਲਿਜਾ ਕੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਅੱਗ ‘ਤੇ ਕਾਬੂ ਪਾਇਆ | ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ | ਵਿਧਾਇਕ ਨਾਗਰਾ ਨੇ ਕਿਹਾ ਕਿ ਕਿਸਾਨਾਂ ਦੇ ਹੋਏ ਨੁਕਸਾਨ ਲਈ ਸਰਕਾਰ ਪਾਸੋਂ ਬਣਦਾ ਮੁਆਵਜ਼ਾ ਦਿਵਾਇਆ ਜਾਵੇਗਾ | ਫਾਇਰ ਅਫ਼ਸਰ ਹਰਬੰਸ ਸਿੰਘ ਨੇ ਕਿਹਾ ਕਿ ਵੱਖ-ਵੱਖ ਜ਼ਿਲਿ੍ਹਆਂ ਤੋਂ ਫਾਇਰ ਬਿ੍ਗੇਡ ਨੂੰ ਬੁਲਾਇਆ ਗਿਆ ਸੀ | ਇਸ ਦੌਰਾਨ ਕਰੀਬ 1500 ਏਕੜ ਫ਼ਸਲ ਦਾ ਨੁਕਸਾਨ ਹੋਇਆ ਹੈ | ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ | ਜਿਹੜੇ ਕਿਸਾਨਾਂ ਦੇ ਘਰ ਖੇਤਾਂ ਵਿਚ ਹਨ ਉਨ੍ਹਾਂ ਦੇ ਪਰਿਵਾਰਾਂ ਦੀ ਜਾਨ ਵੀ ਇਸ ਅੱਗ ਕਾਰਨ ਖ਼ਤਰੇ ਵਿਚ ਸੀ ਪ੍ਰੰਤੂ ਲੋਕਾਂ ਅਤੇ ਫਾਇਰ ਬਿਗ੍ਰੇਡ ਵਲੋਂ ਅੱਗ ‘ਤੇ ਕਾਬੂ ਪਾਉਣ ਕਾਰਨ ਇਹ ਕੀਮਤਾਂ ਜਾਨਾਂ ਬਚ ਗਈਆਂ |

ਇਸ਼ਤਿਹਾਰ
ਟਿੱਪਣੀ ਕਰੋ

ਪੰਜਾਬ ਵਜ਼ਾਰਤ ‘ਚ ਸ਼ਾਮਿਲ ਹੋਣਗੇ 9 ਨਵੇਂ ਚਿਹਰੇ

ਚੰਡੀਗੜ੍ਹ, 20 ਅਪੈ੍ਰਲ – ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਮਗਰਲੇ ਕਈ ਦਿਨਾਂ ਤੋਂ ਚੱਲ ਰਹੀਆਂ ਸਰਗਰਮੀਆਂ ਤੇ ਵਿਚਾਰ-ਵਟਾਂਦਰਿਆਂ ਤੋਂ ਬਾਅਦ ਅੱਜ ਸ਼ਾਮ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ 9 ਨਵੇਂ ਕੈਬਨਿਟ ਮੰਤਰੀਆਂ ਦੀ ਸੂਚੀ ਨੂੰ ਪ੍ਰਵਾਨਗੀ ਦੇਣ ਤੋਂ ਇਲਾਵਾ ਮੌਜੂਦਾ ਰਾਜ ਮੰਤਰੀ ਰਜ਼ੀਆ ਸੁਲਤਾਨਾ ਤੇ ਅਰੁਣਾ ਚੌਧਰੀ ਨੂੰ ਵੀ ਕੈਬਨਿਟ ਮੰਤਰੀ ਵਜੋਂ ਤਰੱਕੀ ਦੇਣ ਲਈ ਹਰੀ ਝੰਡੀ ਦੇ ਦਿੱਤੀ ਗਈ | ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਨਵੇਂ ਮੰਤਰੀਆਂ ਨੂੰ ਕੱਲ੍ਹ ਸ਼ਾਮ 6 ਵਜੇ ਪੰਜਾਬ ਰਾਜ ਭਵਨ ਵਿਖੇ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ | ਇਸ ਸਹੁੰ ਚੁੱਕ ਸਮਾਗਮ ਦੌਰਾਨ 9 ਨਵੇਂ ਮੰਤਰੀਆਂ ਨੂੰ ਸਹੁੰ ਚੁਕਾਉਣ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਦੋਵਾਂ ਰਾਜ ਮੰਤਰੀਆਂ ਨੂੰ ਵੀ ਕੈਬਨਿਟ ਮੰਤਰੀਆਂ ਵਜੋੋਂ ਦੁਬਾਰਾ ਸਹੰੁ ਚੁਕਾਈ ਜਾਵੇਗੀ | ਮੁੱਖ ਮੰਤਰੀ ਸਕੱਤਰੇਤ ਵਲੋਂ ਸਹੁੰ ਚੁੱਕਾਉਣ ਲਈ ਪੰਜਾਬ ਰਾਜ ਭਵਨ ਨੂੰ ਜੋ 11 ਨਾਵਾਂ ਦੀ ਸੂਚੀ ਭੇਜੀ ਗਈ ਹੈ, ਉਸ ‘ਚ ਓਮ ਪ੍ਰਕਾਸ਼ ਸੋਨੀ, ਰਾਣਾ ਗੁਰਮੀਤ ਸਿੰਘ ਸੋਢੀ, ਸ੍ਰੀਮਤੀ ਅਰੁਣਾ ਚੌਧਰੀ, ਸ੍ਰੀਮਤੀ ਰਜ਼ੀਆ ਸੁਲਤਾਨਾ, ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਬਲਬੀਰ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ, ਸੁੰਦਰ ਸ਼ਿਆਮ ਅਰੋੜਾ ਤੇ ਭਾਰਤ ਭੂਸ਼ਣ ਆਸ਼ੂ ਸ਼ਾਮਿਲ ਹਨ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਅਜੀਤ’ ਨੂੰ ਦੱਸਿਆ ਕਿ ਮੰਤਰੀ ਮੰਡਲ ‘ਚ ਨਵੇਂ ਮੰਤਰੀਆਂ ਦੇ ਸ਼ਾਮਿਲ ਹੋਣ ਨਾਲ ਉਨ੍ਹਾਂ ਨੂੰ ਜੋ 42 ਵਿਭਾਗਾਂ ਦਾ ਕੰਮ ਵੇਖਣਾ ਪੈ ਰਿਹਾ ਸੀ, ਉਹ ਹਲਕਾ ਹੋਵੇਗਾ ਤੇ ਸਰਕਾਰ ਦੇ ਕੰਮਕਾਜ ‘ਚ ਤੇਜ਼ੀ ਆਉਣ ਦੇ ਨਾਲ ਸਰਕਾਰੀ ਕੰਮਕਾਜ ਵਿਚ ਵੀ ਸੁਧਾਰ ਹੋਵੇਗਾ | ਉਨ੍ਹਾਂ ਕਿਹਾ ਕਿ ਉਕਤ ਵਾਧੇ ਲਈ ਸੀਨੀਆਰਤਾ ਨੂੰ ਮੁੱਖ ਤੌਰ ‘ਤੇ ਤਰਜੀਹ ਦਿੱਤੀ ਗਈ ਹੈ ਤੇ ਵੱਖ-ਵੱਖ ਖੇਤਰਾਂ ਤੇ ਵਰਗਾਂ ਨੂੰ ਵੀ ਨੁਮਾਇੰਦਗੀ ਦੇਣ ਦੀ ਕੋਸ਼ਿਸ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ ਦੀ ਸਰਕਾਰ ਤਕ ਪਹੁੰਚ ਹੋਰ ਆਸਾਨ ਬਣ ਸਕੇ | ਮੁੱਖ ਮੰਤਰੀ ਨੇ ਦੱਸਿਆ ਕਿ ਆਉਂਦੇ ਕੁਝ ਦਿਨਾਂ ਦੌਰਾਨ ਉਹ ਕੁਝ ਹੋਰ ਵਿਧਾਇਕਾਂ ਨੂੰ ਵੀ ਬੋਰਡਾਂ, ਕਾਰਪੋਰੇਸ਼ਨਾਂ ਦਾ ਕੰਮ ਵੇਖਣ ਦੀ ਜ਼ਿੰਮੇਵਾਰੀ ਸੌਾਪਣਗੇ ਤੇ ਸਾਰੇ ਮੰਤਰੀਆਂ ਨਾਲ ਨਵੇਂ ਵਿਧਾਇਕਾਂ ਨੂੰ ਲੈਜਿਸਲੇਟਿਵ ਅਸਿਸਟੈਂਟ ਲਗਾਉਣ ਦੀ ਵੀ ਤਜਵੀਜ਼ ਹੈ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਕੰਮਕਾਜ ਸਮਝਣ ਦਾ ਮੌਕਾ ਮਿਲ ਸਕੇ | ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸਾਰੇ ਮੰਤਰੀਆਂ ਲਈ ਵਿਭਾਗਾਂ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ | ਵਰਨਣਯੋਗ ਹੈ ਕਿ ਮਗਰਲੇ ਦੋ ਦਿਨਾਂ ਤੋਂ ਦਿੱਲੀ ‘ਚ ਮੰਤਰੀ ਮੰਡਲ ਦੇ ਵਾਧੇ ਸਬੰਧੀ ਚੱਲ ਰਹੇ ਵਿਚਾਰ-ਵਟਾਂਦਰਿਆਂ ਤੇ ਉਸ ਤੋਂ ਪਹਿਲਾਂ ਚੰਡੀਗੜ੍ਹ ਵਿਖੇ ਵੀ ਵਿਚਾਰ-ਵਟਾਂਦਰਿਆਂ ਵਿਚ ਪਾਰਟੀ ਹਾਈਕਮਾਂਡ ਵਲੋਂ ਹਰੀਸ਼ ਚੌਧਰੀ, ਆਸ਼ਾ ਕੁਮਾਰੀ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਿਲ ਰਹੇ |
ਸਾਰੇ ਮੁੱਖ ਆਗੂਆਂ ਨੂੰ ਮੰਤਰੀ ਮੰਡਲ ਵਿਚ ਨੁਮਾਇੰਦਗੀ ਮਿਲੀ
ਕਾਂਗਰਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਪਾਰਟੀ ਦੇ ਸਾਰੇ ਮੁੱਖ ਆਗੂ ਮੰਤਰੀ ਮੰਡਲ ‘ਚ ਆਪਣੇ ਸਮਰਥਕ ਜਾਂ ਨੁਮਾਇੰਦੇ ਸ਼ਾਮਿਲ ਕਰਵਾਉਣ ਵਿਚ ਕਾਮਯਾਬ ਰਹੇ ਹਨ ਤੇ ਮੰਤਰੀ ਮੰਡਲ ਦੇ ਇਸ ਵਾਧੇ ਦੌਰਾਨ ਤਕਰੀਬਨ ਸਾਰੇ ਸੀਨੀਅਰ ਆਗੂਆਂ ਦੀ ਸੁਣਵਾਈ ਜ਼ਰੂਰ ਹੋ ਗਈ ਹੈ | ਸਮਝਿਆ ਜਾਂਦਾ ਹੈ ਕਿ ਓ.ਪੀ. ਸੋਨੀ, ਜੋ ਕਿ ਅੰਮਿ੍ਤਸਰ ਤੋਂ ਕੈਬਨਿਟ ਮੰਤਰੀ ਲਈ ਚੁਣੇ ਗਏ ਹਨ, ਇਕ ਸੀਨੀਅਰ ਵਿਧਾਇਕ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਵੀ ਨਿਕਟਵਰਤੀ ਸਮਝੇ ਜਾਂਦੇ ਹਨ ਜਦਕਿ ਸੁਖਜਿੰਦਰ ਸਿੰਘ ਰੰਧਾਵਾ, ਜੋ ਕਿ ਡੇਰਾ ਬਾਬਾ ਨਾਨਕ ਹਲਕੇ ਤੋਂ ਹਨ, ਤਿੰਨ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ ਤੇ ਸੁਨੀਲ ਜਾਖੜ ਤੇ ਮੁੱਖ ਮੰਤਰੀ ਦੇ ਨਿਕਟਵਰਤੀ ਸਮਝੇ ਜਾਂਦੇ ਹਨ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਕਾਂਗੜ ਵੀ ਤਿੰਨ ਵਾਰ ਵਿਧਾਇਕ ਬਣਨ ਤੋਂ ਇਲਾਵਾ ਜਾਖੜ ਤੇ ਮੁੱਖ ਮੰਤਰੀ ਦੇ ਕਰੀਬ ਸਮਝੇ ਜਾਂਦੇ ਹਨ | ਰਾਣਾ ਗੁਰਮੀਤ ਸਿੰਘ ਸੋਢੀ, ਜੋ ਚੌਥੀ ਵਾਰ ਵਿਧਾਇਕ ਬਣੇ ਹਨ, ਵੀ ਮੁੱਖ ਮੰਤਰੀ ਦੇ ਕੋਟੇ ‘ਚ ਬਣੇ ਮੰਤਰੀ ਸਮਝੇ ਜਾਂਦੇ ਹਨ ਜਦਕਿ ਵਿਜੇ ਇੰਦਰ ਸਿੰਗਲਾ ਤੇ ਭਾਰਤ ਭੂਸ਼ਣ ਆਸ਼ੂ, ਜੋ ਕ੍ਰਮਵਾਰ ਸੰਗਰੂਰ ਤੇ ਲੁਧਿਆਣਾ ਪੱਛਮੀ ਹਲਕਿਆਂ ਦੀ ਨੁਮਾਇੰਦਗੀ ਕਰਦਿਆਂ ਦੂਜੀ ਵਾਰ ਵਿਧਾਇਕ ਬਣੇ ਹਨ, ਨੂੰ ਪਾਰਟੀ ਹਾਈਕਮਾਂਡ ਦੇ ਕੋਟੇ ਵਿਚੋਂ ਮੰਤਰੀ ਬਣਾਏ ਜਾਣ ਦਾ ਚਰਚਾ ਹੈ | ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਜੋ ਰਾਜਾਸਾਂਸੀ ਤੋਂ ਤੀਜੀ ਵਾਰ ਵਿਧਾਇਕ ਬਣੇ ਹਨ, ਵੀ ਮੁੱਖ ਮੰਤਰੀ ਦੇ ਕੱਟੜ ਸਮਰਥਕ ਸਮਝੇ ਜਾਂਦੇ ਹਨ | ਬਲਬੀਰ ਸਿੰਘ ਸਿੱਧੂ, ਜੋ ਅਜੀਤ ਨਗਰ ਦੀ ਨੁਮਾਇੰਦਗੀ ਕਰਦੇ ਹਨ, ਵੀ ਮੁੱਖ ਮੰਤਰੀ ਦੇ ਨੇੜੇ ਰਹੇ ਹਨ ਤੇ ਕਾਂਗਰਸ ਦੇ ਕੌਮੀ ਸਕੱਤਰ ਹਰੀਸ਼ ਚੌਧਰੀ ਦੇ ਵੀ ਨਿਕਟਵਰਤੀ ਸਮਝੇ ਜਾਂਦੇ ਹਨ ਜਦਕਿ ਹੁਸ਼ਿਆਰਪੁਰ ਤੋਂ ਸੁੰਦਰ ਸ਼ਿਆਮ ਅਰੋੜਾ, ਜੋ ਕਿ ਦੂਜੀ ਵਾਰ ਵਿਧਾਇਕ ਬਣੇ ਹਨ, ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ ਦੇ ਨਿਕਟਵਰਤੀ ਤੇ ਸਮਰਥਕ ਮੰਨੇ ਜਾਂਦੇ ਹਨ | ਪਾਰਟੀ ਹਲਕਿਆਂ ਦਾ ਮੰਨਣਾ ਹੈ ਕਿ ਸੀਨੀਆਰਤਾ ਨੂੰ ਮੁੱਖ ਮੁੱਦਾ ਬਣਾ ਕੇ ਪਾਰਟੀ ਹਾਈਕਮਾਂਡ ਵਲੋਂ ਮੰਤਰੀ ਮੰਡਲ ‘ਚ ਵਾਧੇ ਲਈ ਸੀਨੀਆਰਤਾ ਨੂੰ ਮੁੱਖ ਸ਼ਰਤ ਬਣਾ ਕੇ ਪਾਰਟੀ ਵਿਚਲੇ ਸਾਰੇ ਆਗੂਆਂ ਨੂੰ ਬਰਾਬਰ ਨੁਮਾਇੰਦਗੀ ਦੇਣ ਦੀ ਕੋਸਿਸ਼ ਕੀਤੀ ਗਈ ਹੈ ਤਾਂ ਜੋ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਰਾਜ ਵਿਚ ਪਾਰਟੀ ਨੂੰ ਚੋਣਾਂ ਲਈ ਤਿਆਰ ਕੀਤਾ ਜਾ ਸਕੇ, ਪਰ ਸਿਆਸੀ ਹਲਕਿਆਂ ਵਿਚ ਦੋ ਨੌਜਵਾਨ ਆਗੂਆਂ ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਰਹਿੰਦ ਤੋਂ ਕੁਲਜੀਤ ਸਿੰਘ ਨਾਗਰਾ ‘ਚੋਂ ਕਿਸੇ ਇਕ ਨੂੰ ਵੀ ਮੰਤਰੀ ਮੰਡਲ ‘ਚ ਸ਼ਾਮਿਲ ਨਾ ਕੀਤੇ ਜਾਣ ‘ਤੇ ਹੈਰਾਨੀ ਜਤਾਈ ਜਾ ਰਹੀ ਹੈ | ਇਸੇ ਤਰ੍ਹਾਂ ਰਣਦੀਪ ਸਿੰਘ ਨਾਭਾ, ਜਿਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਖਲ ਨਾਲ ਪਾਰਟੀ ਟਿਕਟ ਮਿਲੀ ਸੀ ਤੇ 5ਵੀਂ ਵਾਰ ਵਿਧਾਇਕ ਬਣੇ ਹਨ, ਦੀ ਮੰਤਰੀ ਮੰਡਲ ਵਿਚ ਸ਼ਮੂਲੀਅਤ ਨਾ ਹੋਣਾ ਹੈਰਾਨੀ ਦਾ ਮੁੱਦਾ ਹੈ | ਹਾਲਾਂਕਿ ਮਗਰਲੇ ਸਮੇਂ ਦੌਰਾਨ ਉਨ੍ਹਾਂ ਸਬੰਧੀ ਇਹ ਪ੍ਰਭਾਵ ਜ਼ਰੂਰ ਰਿਹਾ ਹੈ ਕਿ ਉਹ ਮੁੱਖ ਮੰਤਰੀ ਤੋਂ ਦੂਰ ਚਲੇ ਗਏ ਸਨ | ਇਸੇ ਤਰ੍ਹਾਂ ਜਲੰਧਰ ਛਾਉਣੀ ਤੋਂ ਵਿਧਾਇਕ ਪ੍ਰਗਟ ਸਿੰਘ, ਜੋ ਕਿ ਦੂਜੀ ਵਾਰ ਵਿਧਾਇਕ ਬਣੇ ਹਨ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵੱਡੇ ਸਮਰਥਕ ਸਮਝੇ ਜਾਂਦੇ ਹਨ, ਦੀ ਵੀ ਮੰਤਰੀ ਮੰਡਲ ‘ਚ ਸ਼ਮੂਲੀਅਤ ਨਾ ਹੋਣਾ ਹੈਰਾਨੀਜਨਕ ਹੈ | ਹਾਲਾਂਕਿ ਸਰਕਾਰੀ ਹਲਕਿਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਪੰਜਾਬ ਸਟੇਟ ਸਪੋਰਟਸ ਅਥਾਰਟੀ ਦਾ ਕੈਬਨਿਟ ਮੰਤਰੀ ਰੈਂਕ ‘ਚ ਮੁਖੀ ਲਗਾਉਣਾ ਚਾਹੁੰਦੇ ਹਨ |

ਟਿੱਪਣੀ ਕਰੋ

ਫ਼ੌਜ ਦੀ ਭਰਤੀ ਲਈ ਯੁਵਕਾਂ ਨੂੰ ਸਿਖਲਾਈ ਦੇਣ ਵਾਸਤੇ ਕੈਂਪ 4 ਤੋਂ-ਕੈਂਪ ਕਮਾਡੈਂਟ

ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ : ਪੰਜਾਬ ਦੇ ਯੁਵਕਾਂ ਦੇ ਸਿਖਲਾਈ ਤੇ ਰੋਜ਼ਗਾਰ ਕੇਂਦਰ (ਸੀ-ਪਾਇਟ) ਸ਼ਹੀਦਗੜ੍ਹ ਦੇ ਕੈਂਪ ਕਮਾਡੈਂਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਗਸਤ ਤੋਂ 10 ਅਗਸਤ ਤੱਕ ਪਟਿਆਲਾ, ਸੰਗਰੂਰ, ਬਰਨਾਲਾ, ਫ਼ਤਹਿਗੜ੍ਹ ਸਾਹਿਬ ਅਤੇ ਮਾਨਸਾ ਦੀ ਫ਼ੌਜ ਦੀ ਭਰਤੀ ਹੋ ਰਹੀ ਹੈ, ਜਿਸ ਸਬੰਧੀ ਯੁਵਕਾਂ ਨੂੰ ਪੂਰਵ ਚੋਣ ਸਿਖਲਾਈ ਦੇਣ ਵਾਸਤੇ 4 ਮਈ ਤੋਂ ਸੀ-ਪਾਇਟ ਕੇਂਦਰ ਸ਼ਹੀਦਗੜ੍ਹ ਬਸੀ ਪਠਾਣਾ ਵਿਖੇ ਟ੍ਰੇਨਿੰਗ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਮੁਫ਼ਤ ਦਿੱਤੀ ਜਾਵੇਗੀ ਅਤੇ ਸਿਖਲਾਈ ਦੌਰਾਨ ਸਿੱਖਿਆਰਥੀਆਂ ਨੂੰ ਮੁਫ਼ਤ ਰਿਹਾਇਸ਼ ਤੇ ਖਾਣਾ ਵੀ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਪੂਰਵ ਸਿਖਲਾਈ ਕੈਂਪ ਵਾਸਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ ਦੇ ਯੁਵਕਾਂ ਦੀ ਚੋਣ ਰੈਲੀ ਮਿਤੀ 24, 25, 26 ਅਤੇ 27 ਅਪ੍ਰੈਲ 2018 ਨੂੰ ਸੀ-ਪਾਇਟ ਕੈਂਪ ਸ਼ਹੀਦਗੜ੍ਹ ਵਿਖੇ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਭਾਗ ਲੈਣ ਵਾਸਤੇ ਸਿਪਾਹੀ ਜਨਰਲ ਡਿਊਟੀ ਲਈ ਉਮੀਦਵਾਰ ਵਲੋਂ 10ਵੀਂ ਜਮਾਤ 45 ਫ਼ੀਸਦੀ ਅੰਕਾਂ ਨਾਲ ਪਾਸ ਹੋਣੀ ਲਾਜ਼ਮੀ ਹੈ ਜਾਂ ਉਮੀਦਵਾਰ 12ਵੀਂ ਪਾਸ ਹੋਵੇ | ਉਨ੍ਹਾਂ ਹੋਰ ਦੱਸਿਆ ਕਿ ਉਮੀਦਵਾਰ ਦੀ ਉਮਰ 17 ਸਾਲ 6 ਮਹੀਨੇ ਤੋਂ 21 ਸਾਲ ਤੱਕ ਹੋਣੀ ਚਾਹੀਦੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਸਿਪਾਹੀ ਕਲਰਕ ਲਈ ਉਮੀਦਵਾਰ ਨੇ 60 ਫ਼ੀਸਦੀ ਅੰਕਾਂ ਨਾਲ +2 ਪਾਸ ਕੀਤੀ ਹੋਣੀ ਚਾਹੀਦੀ ਹੈ ਤੇ ਹਰੇਕ ਵਿਸ਼ੇ ਵਿਚ 50 ਫ਼ੀਸਦੀ ਨੰਬਰ ਅਤੇ 10ਵੀਂ ਜਮਾਤ ਵਿਚ ਅੰਗਰੇਜ਼ੀ ਅਤੇ ਗਣਿਤ ਵਿਸ਼ੇ ਵਿਚ 50 ਫ਼ੀਸਦੀ ਅੰਕ ਲੈਣੇ ਲਾਜ਼ਮੀ ਹਨ ਅਤੇ ਉਸ ਦੀ ਉਮਰ 17 ਸਾਲ 6 ਮਹੀਨੇ ਤੋਂ 23 ਸਾਲ ਤੱਕ ਹੋਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਸਿਪਾਹੀ ਟੈਕਨੀਕਲ ਲਈ ਉਮੀਦਵਾਰ ਗਣਿਤ ਤੇ ਵਿਗਿਆਨ ਨਾਲ 10+2 ਪਾਸ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਮਰ 17 ਸਾਲ 6 ਮਹੀਨੇ ਤੋਂ 23 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਉਮੀਦਵਾਰ ਨੂੰ 1600 ਮੀਟਰ ਦੀ ਦੌੜ 5 ਮਿੰਟ 30 ਸੈਕਿੰਡ ਵਿਚ ਪੂਰੀ ਕਰਨੀ ਹੋਵੇਗੀ | ਉਨ੍ਹਾਂ ਦੱਸਿਆ ਕਿ ਸਿਪਾਹੀ ਜਨਰਲ ਡਿਊਟੀ ਅਤੇ ਟੈਕਨੀਕਲ ਵਾਸਤੇ ਲੰਬਾਈ 179 ਸੈਂਟੀਮੀਟਰ (5 ਫੁੱਟ ਅਤੇ 07 ਇੰਚ), ਛਾਤੀ 77 ਸੈਂਟੀਮੀਟਰ ਬਿਨਾਂ ਫੁਲਾ ਕੇ ਅਤੇ 82 ਸੈਂਟੀਮੀਟਰ ਫੁਲਾ ਕੇ ਹੋਣੀ ਚਾਹੀਦੀ ਹੈ | ਸਿਪਾਹੀ ਕਲਰਕ ਲਈ ਉਮੀਦਵਾਰ ਦੀ ਲੰਬਾਈ 166 ਸੈਂਟੀਮੀਟਰ (5 ਫੁੱਟ ਅਤੇ 5 ਇੰਚ), ਛਾਤੀ ਬਿਨਾਂ ਫੁਲਾਏ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ ਹੋਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਉਮੀਦਵਾਰ ਨੂੰ 1600 ਮੀਟਰ ਦੀ ਦੌੜ 5 ਮਿੰਟ ਅਤੇ 30 ਸੈਕਿੰਡ ਵਿਚ ਪੂਰੀ ਕਰਨੀ ਹੋਵੇਗੀ |

ਟਿੱਪਣੀ ਕਰੋ

ਕਾਰ ਬਿਜਲੀ ਦੇ ਖੰਭੇ ‘ਚ ਲੱਗਣ ਕਾਰਨ 2 ਵਿਦਿਆਰਥੀਆਂ ਦੀ ਮੌਤ-3 ਜ਼ਖ਼ਮੀ

ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ : ਸਰਹਿੰਦ ਦੇ ਚਾਵਲਾ ਚੌਕ ਨਜ਼ਦੀਕ ਅੱਜ ਰਾਤ 1 ਵਜੇ ਦੇ ਕਰੀਬ ਇਕ ਕਾਰ ਦੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ ਵਾਪਰੇ ਦਰਦਨਾਕ ਹਾਦਸੇ ‘ਚ 2 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 3 ਨੌਜਵਾਨ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ‘ਚ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਪ੍ਰਾਪਤ ਸੂਚਨਾ ਅਨੁਸਾਰ ਇਹ ਪੰਜੇ ਨੌਜਵਾਨ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਵਿਦਿਆਰਥੀ ਸਨ, ਜਿਨ੍ਹਾਂ ‘ਚੋਂ ਚਾਰ ਵਿਦਿਆਰਥੀ ਬੀ.ਐਸ.ਸੀ. (ਖੇਤੀਬਾੜੀ) ਦੇ ਅਖੀਰਲੇ ਸੈਸ਼ਨ ਦੇ ਅਤੇ ਇਕ ਵਿਦਿਆਰਥੀ ਐਮ.ਏ. ਦਾ ਵਿਦਿਆਰਥੀ ਹੈ | ਪੁਲਿਸ ਸੂਤਰਾਂ ਅਨੁਸਾਰ ਇਹ ਵਿਦਿਆਰਥੀ ਬੀਤੀ ਰਾਤ ਆਪਣੀ ਜੈਨ ਕਾਰ ਨੰਬਰ ਪੀ.ਬੀ. 26 ਡੀ 4636 ਵਿਚ ਸਵਾਰ ਹੋ ਕੇ ਜੀ.ਟੀ. ਰੋਡ ਵੱਲ ਜਾ ਰਹੇ ਸਨ ਤਾਂ ਚਾਵਲਾ ਚੌਕ ਨਜ਼ਦੀਕ ਪਹੁੰਚਣ ‘ਤੇ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਵਿਚ ਜਾ ਵੱਜੀ ਅਤੇ ਪਲਟ ਗਈ | ਘਟਨਾ ਵਾਪਰਦੇ ਹੀ ਰਾਹਗੀਰਾਂ ਨੇ ਨੌਜਵਾਨਾਂ ਨੂੰ ਕਾਰ ‘ਚੋਂ ਕੱਢ ਕੇ ਐਾਬੂਲੈਂਸ ਰਾਹੀਂ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਲਿਆਂਦਾ ਜਿੱਥੇ 2 ਵਿਦਿਆਰਥੀਆਂ ਨੂੰ ਮੌਕੇ ‘ਤੇ ਹੀ ਮਿ੍ਤਕ ਘੋਸ਼ਿਤ ਕਰ ਦਿੱਤਾ ਗਿਆ |ਜਿਨ੍ਹਾਂ ਵਿਚ ਕਾਰ ਚਾਲਕ ਸਤਨਾਮ ਸਿੰਘ 23 ਪੁੱਤਰ ਹਰਜੀਤ ਸਿੰਘ ਵਾਸੀ ਦੋਰਾਹਾ ਅਤੇ ਸੁਖਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਚਮਕੌਰ ਸਾਹਿਬ ਸ਼ਾਮਿਲ ਹਨ, ਜਦਕਿ ਕਮਲਪ੍ਰੀਤ ਪੁੱਤਰ ਭੀਮ ਸਿੰਘ ਵਾਸੀ ਘਮੈਤ ਜ਼ਿਲ੍ਹਾ ਲੁਧਿਆਣਾ, ਰਿਸ਼ੀ ਖੁਰਮੀ ਪੁੱਤਰ ਪ੍ਰਵੀਨ ਵਾਸੀ ਬਰਨਾਲਾ ਅਤੇ ਲਭਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਾਨਸਾ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਤੋਂ ਸਰਕਾਰੀ ਹਸਪਤਾਲ 32 ਰੈਫ਼ਰ ਕਰ ਦਿੱਤਾ ਗਿਆ | ਸਰਹਿੰਦ ਪੁਲਿਸ ਨੇ ਦੱਸਿਆ ਕਿ ਇਸ ਸਬੰਧ ਵਿਚ ਜ਼ਖਮੀ ਵਿਦਿਆਰਥੀ ਰਿਸ਼ੀ ਖੁਰਮੀ ਦੇ ਬਿਆਨਾਂ ‘ਤੇ ਧਾਰਾ 174 ਸੀ.ਆਰ.ਪੀ.ਸੀ. ਅਧੀਨ ਕਾਰਵਾਈ ਕੀਤੀ ਗਈ ਹੈ ਅਤੇ ਮਿ੍ਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ |

ਟਿੱਪਣੀ ਕਰੋ

ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਦੀ ਮੌਤ

ਪਟਿਆਲਾ: ਨਾਭਾ ਜੇਲ ਬ੍ਰੇਕ ਕਾਂਡ ਦੇ ਸਹਿ-ਦੋਸ਼ੀ ਤੇ ਖਾਲਿਸਤਾਨੀ ਕਮਾਂਡੋ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ। ਮਿੰਟੂ ਨੂੰ ਸੀਨੇ ਵਿੱਚ ਦਰਦ ਦੀ ਸ਼ਿਕਾਇਤ ‘ਤੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਿੰਟੂ ਦੀ ਮ੍ਰਿਤਕ ਦੇਹ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਈ ਗਈ ਹੈ। ਇਨ੍ਹੀਂ ਦਿਨੀਂ ਉਹ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਕੈਦ ਸੀ।

ਹਰਮਿੰਦਰ ਸਿੰਘ ਮਿੰਟੂ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦ ਨਵੰਬਰ 2016 ਵਿੱਚ ਉਹ ਪੰਜਾਬ ਦੇ ਨਾਮੀਂ ਗੈਂਗਸਟਰ ਵਿੱਕੀ ਗੌਂਡਰ ਸਮੇਤ ਚਾਰ ਬਦਮਾਸ਼ਾਂ ਨਾਲ ਨਾਭਾ ਜੇਲ੍ਹ ਵਿੱਚੋਂ ਫਰਾਰ ਹੋਇਆ ਸੀ। ਫਰਾਰ ਹੋਏ ਕੈਦੀਆਂ ਵਿੱਚੋਂ ਮਿੰਟੂ ਨੂੰ ਪੁਲਿਸ ਨੇ ਸਭ ਤੋਂ ਪਹਿਲਾਂ ਕਾਬੂ ਕਰ ਲਿਆ ਸੀ ਜਦਕਿ ਬਾਕੀ ਦੇਰ ਬਾਅਦ ਪੁਲਿਸ ਹੱਥ ਲੱਗੇ ਸਨ, ਜਦਕਿ ਵਿੱਕੀ ਗੌਂਡਰ ਨੂੰ ਪੁਲਿਸ ਨੇ 26 ਜਨਵਰੀ, 2018 ਨੂੰ ਰਾਜਸਥਾਨ ਤੇ ਪੰਜਾਬ ਦੀ ਹੱਦ ‘ਤੇ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ।

ਟਿੱਪਣੀ ਕਰੋ

ਬੈਂਕਾਂ ਤੇ ਏਟੀਐਮ ਵਿੱਚੋਂ ਕੈਸ਼ ਖਤਮ, ਅਜੇ ਵੀ ਨੋਟਬੰਦੀ ਦਾ ਅਸਰ

ਨਵੀਂ ਦਿੱਲੀ: ਮੁਲਕ ਦੇ ਕਈ ਸੂਬਿਆਂ ਵਿੱਚ ਅਚਾਨਕ ਕੈਸ਼ ਦਾ ਸੰਕਟ ਖੜ੍ਹਾ ਹੋ ਗਿਆ ਹੈ। ਬਿਹਾਰ, ਗੁਜਰਾਤ, ਐਮਪੀ ਤੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਏਟੀਐਮ ਖਾਲੀ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਲੋਕਾਂ ਨੂੰ ਪੈਸੇ ਨਹੀਂ ਮਿਲ ਰਹੇ। ਪ੍ਰੇਸ਼ਾਨ ਲੋਕ ਏਟੀਐਮ ਦੇ ਚੱਕਰ ਲਾ ਰਹੇ ਹਨ। ਲੋਕਾਂ ਨੂੰ ਨੋਟਬੰਦੀ ਵਾਲੇ ਦਿਨ ਯਾਦ ਆ ਰਹੇ ਹਨ।

ਸਭ ਤੋਂ ਮਾੜੇ ਹਾਲਾਤ ਬਿਹਾਰ ਵਿੱਚ ਹਨ। ਬਿਹਾਰ ਵਿੱਚ ਏਟੀਐਮ ਤਾਂ ਦੂਰ ਦੀ ਗੱਲ, ਬੈਂਕਾਂ ਕੋਲ ਵੀ ਪੈਸੇ ਨਹੀਂ। ਪੈਸੇ ਲਈ ਏਟੀਐਮ ਤੇ ਬੈਂਕ ਜਾ ਰਹੇ ਲੋਕਾਂ ਦਾ ਕਹਿਣਾ ਹੈ ਕਿ ਪੈਸੇ ਦੀ ਪ੍ਰੇਸ਼ਾਨੀ ਕਰਕੇ ਕਈ ਜ਼ਰੂਰੀ ਕੰਮ ਰੁਕੇ ਹਨ। ਰਾਜਧਾਨੀ ਪਟਨਾ ਦੇ ਸਭ ਤੋਂ ਵੀਆਈਪੀ ਇਲਾਕੇ ਰਾਜਭਵਨ ਦੇ ਏਟੀਐਮ ਵਿੱਚ ਵੀ ਕੈਸ਼ ਨਹੀਂ। ਇਸੇ ਇਲਾਕੇ ਵਿੱਚ ਗਵਰਨਰ ਤੇ ਸੀਐਮ ਨੀਤਿਸ਼ ਕੁਮਾਰ ਰਹਿੰਦੇ ਹਨ।

ਐਸਬੀਆਈ ਦੇ ਬਿਹਾਰ ਜ਼ੋਨ ਦੇ ਏਜੀਐਮ (ਪੀਆਰ) ਮਿਥੀਲੇਸ਼ ਕੁਮਾਰ ਨੇ ਦੱਸਿਆ ਕਿ ਕੈਸ਼ ਡਿਪਾਜ਼ਿਟ ਦਾ ਫਲੋ ਘੱਟ ਹੋਇਆ ਹੈ। ਆਰਬੀਆਈ ਨੂੰ ਦੱਸਦੇ ਹਾਂ ਪਰ ਕੁਝ ਦਿਨਾਂ ਤੋਂ ਉਹ ਵੀ ਮੰਗ ਪੂਰੀ ਨਹੀਂ ਕਰ ਰਹੇ। ਬਿਹਾਰ ਵਿੱਚ ਐਸਬੀਆਈ ਦੇ 1100 ਏਟੀਐਮ ਹਨ। ਇਨ੍ਹਾਂ ਨੂੰ ਰੋਜ਼ਾਨਾ 250 ਕਰੋੜ ਰੁਪਏ ਦੀ ਲੋੜ ਰਹਿੰਦੀ ਹੈ ਪਰ ਫਿਲਹਾਲ 125 ਕਰੋੜ ਰੁਪਏ ਮਿਲ ਰਹੇ ਹਨ। ਰਿਜ਼ਰਵ ਬੈਂਕ ਦੇ ਸੂਤਰਾਂ ਮੁਤਾਬਕ ਫੈਸਟੀਵਲ ਸੀਜ਼ਨ ਹੋਣ ਕਰਕੇ ਅਜਿਹਾ ਹੋਇਆ ਅਗਲੇ ਇੱਕ-ਦੋ ਦਿਨਾਂ ਵਿੱਚ ਹਾਲਾਤ ਠੀਕ ਹੋ ਜਾਣਗੇ।

ਟਿੱਪਣੀ ਕਰੋ

ਗੁ: ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਵਿਸਾਖੀ ਮੌਕੇ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ

ਫ਼ਤਹਿਗੜ੍ਹ ਸਾਹਿਬ, 15 ਅਪ੍ਰੈਲ : ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਵਿਸਾਖ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ | ਹਜ਼ਾਰਾਂ ਸੰਗਤਾਂ ਅੱਜ ਇਨ੍ਹਾਂ ਦੋਵਾਂ ਥਾਵਾਂ ‘ਤੇ ਨਤਮਸਤਕ ਹੋਈਆਂ | ਬਹੁਤ ਸਾਰੀਆਂ ਸੰਗਤਾਂ ਨੇ ਗੁ. ਫ਼ਤਹਿਗੜ੍ਹ ਸਾਹਿਬ ਤੇ ਗੁ. ਜੋਤੀ ਸਰੂਪ ਸਾਹਿਬ ਵਿਖੇ ਸਰੋਵਰਾਂ ਵਿਚ ਇਸ਼ਨਾਨ ਵੀ ਕੀਤਾ | ਅੱਜ ਅੰਮਿ੍ਤ ਸੰਚਾਰ ਵੀ ਕੀਤਾ ਗਿਆ ਜਿਸ ਵਿਚ 800 ਪ੍ਰਾਣੀਆਂ ਨੇ ਅੰਮਿ੍ਤ ਛਕਿਆ | ਅੱਜ ਸਾਰਾ ਦਿਨ ਗੁਰਦੁਆਰਾ ਸਾਹਿਬਾਨ ‘ਚ ਕੀਰਤਨ, ਢਾਡੀ ਵਾਰਾਂ ਅਤੇ ਕਥਾ ਦਾ ਪ੍ਰਵਾਹ ਵੀ ਚੱਲਦਾ ਰਿਹਾ | ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਨ ਵਾਲਿਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ | ਗੁਰੂ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਾਈਆਂ ਗਈਆਂ | ਇਸੇ ਤਰ੍ਹਾਂ ਹੀ ਪੰਚਾਇਤੀ ਗੁਰਦੁਆਰਾ ਹਮਾਂਯੰੂਪੁਰ, ਗੁ: ਗੁਰੂ ਨਾਨਕ ਦਰਬਾਰ, ਗੁ: ਬਾਬਾ ਜੀਵਨ ਸਿੰਘ ਬਾੜਾ, ਗੁ: ਸਾਹਿਬ ਫ਼ਤਹਿ ਸਿੰਘ ਨਗਰ ਬਸੀ ਰੋਡ ਸਰਹਿੰਦ ਤੇ ਸਰਹਿੰਦ ਸ਼ਹਿਰ ਦੇ ਗੁਰਦੁਆਰਾ ਮੁਹੱਲਾ ਜੱਸੜੀਆਂ, ਗੁ: ਜੱਟਪੁਰਾ ਯਾਦਗਾਰ ਬਾਬਾ ਉੱਤਮ ਸਿੰਘ, ਗੁ: ਸਿੰਘ ਸਭਾ ਨਵੀਂ ਆਬਾਦੀ ਤੇ ਗੁਰਦੁਆਰਾ ਜ਼ੈਲਦਾਰ ਸਾਹਿਬ ਸਰਹਿੰਦ ਸ਼ਹਿਰ ਵਿਖੇ ਵੀ ਵਿਸਾਖੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ |