ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਣਕ ਦੀ ਪੈਦਾਵਾਰ ਵਧਾਉਣ ਲਈ ਨੰਦਪੁਰ ਕਲੌੜ ਵਿਖੇ ਸੈਮੀਨਾਰ ਆਯੋਜਿਤ

PHOTO KVK

ਫ਼ਤਹਿਗੜ੍ਹ ਸਾਹਿਬ, 8 ਜਨਵਰੀ – ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਵਲੋਂ ਯੂ ਪੀ ਐਲ ਦੇ ਸਹਿਯੋਗ ਨਾਲ ਪਿੰਡ ਨੰਦਪੁਰ ਕਲੌੜ ਵਿਖੇ ਕਣਕ ਦੀ ਪੈਦਾਵਾਰ ਵਧਾਉਣ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੇ.ਵੀ.ਕੇ ਦੇ ਐਸੋਸੀਏਟ ਡਾਇਰੈਕਟਰ ਡਾ. ਜੀ.ਪੀ.ਐਸ ਸੋਢੀ ਨੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਕੇ.ਵੀ.ਕੇ. ਦੀਆਂ ਗਤੀਵਿਧੀਆਂ ਅਤੇ ਵੱਖ-ਵੱਖ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੰੋਿਦਆਂ ਕਿਸਾਨਾਂ ਨੂੰ ਕੇ.ਵੀ.ਕੇ ਨਾਲ ਜੁੜਨ ਲਈ ਕਿਹਾ। ਸੈਮੀਨਾਰ ਦੌਰਾਨ ਡਾ.ਮਨਿੰਦਰ ਕੋਰ, ਸਹਾਇਕ ਪ੍ਰੌਫੈਸਰ (ਫਸਲ ਵਿਗਿਆਨ) ਨੇ ਕਣਕ ਵਿੱਚ ਨਦੀਨਾਂ ਦੀ ਰੋਕਥਾਮ ਅਤੇ ਖੁਰਾਕੀ ਤੱਤਾਂ ਦੀ ਘਾਟ ਦੇ ਲੱਛਣਾਂ ਬਾਰੇ ਵਿਸਥਾਰ ਵਿੱਚ ਕਿਸਾਨ ਵੀਰਾਂ ਨੂੰ ਦੱਸਿਆ। ਡਾ. ਰੀਤ ਵਰਮਾ, ਸਹਾਇਕ ਪ੍ਰੌਫੈਸਰ (ਪੌਦ ਸੁਰੱਖਿਆ) ਨੇ ਕਣਕ ਤੇ ਹਮਲਾ ਕਰਨ ਵਾਲੇ ਕੀੜੇ, ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਜਨਵਰੀ ਅਤੇ ਫਰਵਰੀ ਦੇ ਮਹੀਨੇ ਕਣਕ ਵਿੱਚ ਪੀਲੀ ਕੁੰਗੀ ਦੇ ਹਮਲੇ ਲਈ ਅਨੂਕੂਲ ਹਨ। ਇਹ ਬਿਮਾਰੀ ਕਣਕ ਦੇ ਝਾੜ ਨੂੰ 10 ਤੋਂ 20% ਤੱਕ ਘਟਾਉਣ ਦੀ ਸਮਰੱਥਾ ਰੱਖਦੀ ਹੈ। ਇਸ ਬਿਮਾਰੀ ਦੇ ਲੱਛਣ ਜੇਕਰ ਖੇਤ ਦੇ ਕਿਸੇ ਹਿੱਸੇ ਵਿੱਚ ਪਾਏ ਜਾਂਦੇ ਹਨ ਤਾਂ ਉੱਲੀ ਨਾਸ਼ਕ ਦਵਾਈਆਂ ਜਿਵੇ ਕਿ ਟਿਲਟ 25 ਈ ਸੀ ਜਾਂ ਫੋਲੀਕਰ 25 ਈ ਸੀ ਜਾਂ ਬੈਲੇਟਾਨ 25 ਈ ਸੀ 200 ਮਿ.ਲੀ. 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਨਾਲ ਇਸ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਜਿੰਨੀ ਛੇਤੀ ਬਿਮਾਰੀ ਦੇ ਸ਼ੁਰੂਆਤੀ ਹਮਲੇ ਨੂੰ ਰੋਕਿਆ ਜਾ ਸਕੇ ਉਨਾਂ ਹੀ ਇਸ ਬਿਮਾਰੀ ਨੂੰ ਰੋਕਣ ਵਿੱਚ ਸਹਾਈ ਹੁੰਦਾ ਹੈ। ਡਾ. ਅਰਵਿੰਦਪੀ੍ਰਤ ਕੋਰ, ਸਹਾਇਕ ਪ੍ਰੌਫੈਸਰ (ਬਾਗਬਾਨੀ) ਨੇ ਕਿਸਾਨਾਂ ਨੂੰ ਕਣਕ ਝੋਨੇ ਦੇ ਨਾਲ-ਨਾਲ ਫਲਾਂ, ਸਬਜੀਆਂ ਤੇ ਖੁੰਭਾਂ ਦੀ ਕਾਸ਼ਤ ਕਰਨ ਦੀ ਪ੍ਰੇਰਨਾ ਦਿੱਤੀ। ਯੂ.ਪੀ.ਐਲ ਦੇ ਫੀਲਡ ਮਾਰਕਿਟਿੰਗ ਮੈਨੇਜਰ ਸ਼੍ਰੀ ਸੁਨੀਲ ਤਿਆਗੀ ਨੇ ਸਾਫੀਲਾਈਜ਼ਰ ਦੀ ਕਣਕ ਦੀ ਫਸਲ ਵਿੱਚ ਵਰਤੋਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਯੂ.ਪੀ.ਐਲ ਦੇ ਫਸਲ ਮੈਨੇਜਰ (ਮੁੰਬਈ) ਸ਼੍ਰੀ ਸੰਦੀਪ ਸੈਣੀ, ਸ਼੍ਰੀ ਤਰਸੇਮ ਲਾਲ ਅਤੇ ਅਗਾਂਹਵਧੂ ਕਿਸਾਨ ਸ.ਕੇਹਰ ਸਿੰਘ ਮਾਰਵਾ ਨੇ ਵੀ ਸ਼ਮੂਲੀਅਤ ਕੀਤੀੇ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਮਧੂ ਮੱਖੀ ਪਾਲਣ ਸਿਖਲਾਈ ਕੋਰਸ 12 ਜਨਵਰੀ ਤੋਂ

pest-management

ਫ਼ਤਹਿਗੜ੍ਹ ਸਾਹਿਬ, 8 ਜਨਵਰੀ – ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ ਸਾਹਿਬ ਵਿਖੇ 12 ਜਨਵਰੀ ਤੋਂ 16 ਜਨਵਰੀ ਤੱਕ ਮਧੂ ਮੱਖੀ ਪਾਲਣ ਦਾ ਕਿੱਤਾ ਮੁਖੀ ਕੋਰਸ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਿਖਲਾਈ ਕਿਸਾਨ, ਕਿਸਾਨ ਬੀਬੀਆਂ, ਨੋਕਰੀ ਪੇਸ਼ਾ, ਸੇਵਾ ਮੁਕਤ ਵਿਅਕਤੀ ਅਤੇ ਬੇਰੁਜ਼ਗਾਰ ਕੋਈ ਵੀ ਲੈ ਸਕਦਾ ਹੈ । ਇਹ ਕੋਰਸ ਮੁਫਤ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਜੇ.ਪੀ.ਐਸ. ਸੋਢੀ ਨੇ ਦੱਸਿਆ ਇਸ ਕੈਂਪ ਦੌਰਾਨ ਸਿਖਿਆਰਥੀਆਂ ਨੂੰ ਮਧੂ ਮੱਖੀ ਦੀ ਬਣਤਰ, ਕਿਸਮਾਂ, ਜਾਤੀਆਂ, ਜੀਵਨ ਚੱਕਰ ਅਤੇ ਕੰਮ ਦੀ ਵੰਡ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਏਗੀ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮਧੂ-ਮੱਖੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਲੋੜੀਂਦੇ ਸਾਜੋ ਸਮਾਨ ਦੀ ਜਾਣ ਪਹਿਚਾਣ, ਲੋੜੀਂਦੇ ਫੁੱਲ ਫੁਲਾਕੇ ਅਤੇ ਕਟੁੰਬਾਂ ਦੇ ਯੋਗ ਮੋਸਮੀ ਪ੍ਰਬੰਧ, ਮਧੂ ਮੱਖੀਆਂ ਦੇ ਦੁਸ਼ਮਣ ਅਤੇ ਬੀਮਾਰੀਆਂ ਅਤੇ ਉਨਾਂ ਦੀ ਰੋਕਥਾਮ ਬਾਰੇ ਵਿਸਥਾਰ ਵਿੱਚ ਦੱਸਿਆ ਜਾਏਗਾ। ਡਾ. ਸੋਢੀ ਨੇ ਦੱਸਿਆ ਕਿ ਕੈਂਪ ਦੌਰਾਨ ਸਿਖਿਆਰਥੀਆਂ ਨੂੰ ਆਪਣੇ ਹੱਥੀਂ ਮੱਖੀਆਂ ਦੇ ਬਕਸਿਆਂ ਦੀ ਸਾਂਭ-ਸੰਭਾਲ ਕਰਨੀ, ਮੱਖੀਆਂ ਨੂੰ ਅੱਡ-ਅੱਡ ਤਰੀਕਿਆਂ ਨਾਲ ਖੰਡ ਅਤੇ ਪੋਲਨ ਫੀਡ ਦੇਣੀੇ ,ਮੱਖੀਆਂ ਦੇ ਬਾਹਰੀ ਪ੍ਰਜੀਵੀ ਕੀੜੇ ਦੀ ਰੋਕਥਾਮ ਅਤੇ ਹੋਰ ਲੋੜੀਂਦੇ ਪ੍ਰੈਕਟੀਕਲ ਕਰਵਾਏ ਜਾਣਗੇ । ਉਨ੍ਹਾਂ ਦੱਸਿਆ ਕਿ ਸਿਖਿਆਰਥੀਆਂ ਨੂੰ ਇਸ ਕਿੱਤਾ-ਮੁਖੀ ਸਿਖਲਾਈ ਕੋਰਸ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ, ਜਿਸ ਤਹਿਤ ਉਹ ਕੌਮੀ ਬਾਗਬਾਨੀ ਮਿਸ਼ਨ ਤਹਿਤ 50% ਸਬਸਿਡੀ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕੋਰਸ ਲਗਾਉਣ ਵਾਲੇ ਸਿਖਿਆਰਥੀਆਂ ਨੂੰ ਮਧੂ ਮੱਖੀ ਪਾਲਣ ਨਾਲ ਸਬੰਧਿਤ ਕਿਤਾਬਾਂ ਅਤੇ ਮਿੱਨੀ ਕਿਟ ਵੀ ਮੁਫਤ ਦਿੱਤੀ ਜਾਏਗੀ। ਕੈਂਪ ਚ ਸਿਖਲਾਈ ਲੈਣ ਵਾਲੇ ਚਾਹਵਾਨ 9 ਜਨਵਰੀ ਤੱਕ ਆਪਣੀ ਰਜਿਸਟਰੇਸ਼ਨ ਕਰਵਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਸ਼ਮਸ਼ੇਰ ਨਗਰ, ਫਤਿਹਗੜ ਸਾਹਿਬ ਦੇ ਟੈਲੀਫੋਨ ਨੰਬਰ 01763-221217, 94176-26843 ‘ਤੇ ਸੰਪਰਕ ਕਰ ਸਕਦੇ ਹਨ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਵਿਦਿਆਰਥੀਆਂ ਨੂੰ ਸਵੱਛਤਾ ਸਬੰਧੀ ਜਾਗਰੂਕ ਕਰਕੇ ਹੀ ਉਨ੍ਹਾਂ ਦੀ ਸਖਸ਼ੀਅਤ ਦਾ ਵਿਕਾਸ ਕੀਤਾ ਜਾ ਸਕਦਾ ਹੈ – ਸੰਘਾ

unnamed (1)

ਫ਼ਤਹਿਗੜ੍ਹ ਸਾਹਿਬ, 8 ਜਨਵਰੀ – ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਵੱਛਤਾ ਅਤੇ ਸੰਤੁਲਿਤ ਆਹਾਰ ਸਬੰਧੀ ਜਾਗਰੂਕ ਕਰਕੇ ਹੀ ਉਨ੍ਹਾਂ ਦੀ ਸਖਸ਼ੀਅਤ ਦਾ ਚ੍ਹੌਤਰਫਾ ਵਿਕਾਸ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਮਾਤਾ ਸੁੰਦਰੀ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਜਨਰਲ ਬਾਡੀ ਦੀ ਸਕੂਲ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਸਕੂਲ ਦੇ ਅਧਿਆਪਕਾਂ ਨੂੰ ਆਖਿਆ ਕਿ ਉਹ ਰੋਜਾਨਾਂ ਵਿਦਿਆਰਥੀਆਂ ਨੂੰ ਸਾਫ ਸਫਾਈ ਰੱਖਣ ਲਈ ਜਰੂਰੀ ਨੁਕਤਿਆਂ ਤੋਂ ਜਾਣੂ ਕਰਵਾਉਣ ਅਤੇ ਸਮੇਂ-ਸਮੇਂ ‘ਤੇ ਵਿਦਿਆਰਥੀਆਂ ਨੂੰ ਸਫਾਈ ਰੱਖਣ ਲਈ ਲੋੜੀਂਦੀ ਸੇਧ ਦਿੰਦੇ ਰਹਿਣ, ਕਿਉਂਕਿ ਸਵੱਛਤਾ ਨਾਲ ਹੀ ਤੰਦਰੁਸਤ ਸਰੀਰ ਵਿਕਸਤ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਅਧਿਆਪਕ ਵਿਦਿਆਰਥੀਆਂ ਲਈ ਰੋਲ ਮਾਡਲ ਦਾ ਕੰਮ ਕਰਦੇ ਹਨ। ਉਨ੍ਹਾਂ ਅਧਿਆਪਕਾਂ ਨੂੰ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਇਬ੍ਰੇਰੀ ਵਿੱਚ ਜਾ ਕੇ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ ਕਿਉਂਕਿ ਗਿਆਨ ਹਾਸਲ ਕਰਕੇ ਹੀ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਦੇ ਹਨ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ 15 ਜਨਵਰੀ ਤੋਂ ਫਸਟ ਏਡ ਦੀ ਟਰੇਨਿੰਗ ਸ਼ੁਰੂ – ਗਰੇਵਾਲ

RedCrossGurdaspur

ਫ਼ਤਹਿਗੜ੍ਹ ਸਾਹਿਬ, 8 ਜਨਵਰੀ – ਸਹਾਇਕ ਕਮਿਸ਼ਨਰ (ਜਨਰਲ) ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ 15 ਜਨਵਰੀ ਤੋਂ ਸੋਸਾਇਟੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਦੇ ਕਮਰਾ ਨੰਬਰ 135 ‘ਚ ਸਥਿਤ ਦਫ਼ਤਰ ਵਿਖੇ ਫਸਟ ਏਡ ਦੀ ਟਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਅੱਜ ਦੀ ਭੱਜ ਦੋੜ ਵਾਲੀ ਜਿੰਦਗੀ ਵਿੱਚ ਹਰ ਨਾਗਰਿਕ ਨੂੰ ਫਸਟ ਏਡ ਦੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਸੜਕਾਂ, ਰੇਲਵੇ ਜਾਂ ਹੋਰ ਕਿਸੇ ਵੀ ਜਨਤਕ ਸਥਾਨ ‘ਤੇ ਵਾਹਨ ਚਲਾਉਂਦਿਆ ਅਤੇ ਸਫਰ ਕਰਦਿਆਂ ਕੋਈ ਵੀ ਵਿਅਕਤੀ ਫੱਟੜ ਹੋ ਸਕਦਾ ਹੈ ਅਤੇ ਕਈ ਵਾਰ ਹਾਦਸਾ ਵਾਪਰਨ ਮੌਕੇ ‘ਤੇ ਫਸਟ ਏਡ ਨਾ ਮਿਲਣ ਕਰਕੇ ਕਿਸੇ ਵੀ ਵਿਅਕਤੀ ਦੀ ਅਨਮੋਲ ਜਾਨ ਅਜਾਈਂ ਜਾ ਸਕਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਖਾਸ ਤੌਰ ‘ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਅਜੇ ਤੱਕ ਫਸਟ ਏਡ ਦੀ ਟਰੇਨਿੰਗ ਨਹੀਂ ਲਈ, ਉਹ ਫਸਟ ਏਡ ਦੀ ਟਰੇਨਿੰਗ ਜਰੂਰ ਲੈ ਲੈਣ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਾਹਨ ਦਾ ਡਰਾਈਵਰ ਜਾਂ ਕੰਡਕਟਰ ਬਣਨ ਲਈ ਡਰਾਈਵਿੰਗ ਲਾਇਸੈਂਸ ਬਣਾਉਣ ਵਾਸਤੇ ਫਸਟ ਏਡ ਦੀ ਟਰੇਨਿੰਗ ਲੈਣ ਦਾ ਸਰਟੀਫਿਕੇਟ ਹੋਣਾ ਲਾਜਮੀ ਹੈ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

171 ਪਿੰਡਾਂ ਦੇ ਵਿਕਾਸ ‘ਤੇ 3.36 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ – ਭੁੱਟਾ

unnamed

ਫ਼ਤਹਿਗੜ੍ਹ ਸਾਹਿਬ, 8 ਜਨਵਰੀ – ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 171 ਪਿੰਡਾਂ ਦਾ 13ਵੇਂ ਵਿੱਤ ਕਮਿਸ਼ਨ ਵੱਲੋਂ ਜਾਰੀ 3 ਕਰੋੜ 36 ਲੱਖ 71 ਹਜਾਰ ਰੁਪਏ ਦੀ ਮਾਲੀ ਸਹਾਇਤਾ ਨਾਲ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਚੇਅਰਮੈਨ ਸ. ਬਲਜੀਤ ਸਿੰਘ ਭੁੱਟਾ ਨੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਇਨ੍ਹਾਂ ਪਿੰਡਾਂ ਦੇ ਸਮੂਹ ਸਰਪੰਚਾਂ ਨੂੰ ਆਖਿਆ ਕਿ ਉਹ ਨਿਰਸਵਾਰਥ ਭਾਵਨਾਂ ਨਾਲ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਉਪਰਾਲੇ ਕਰਨ ਅਤੇ ਜਿਹੜੇ ਵਿਕਾਸ ਕਾਰਜਾਂ ਲਈ ਸਰਕਾਰ ਵੱਲੋਂ ਗਰਾਟਾਂ ਜਾਰੀ ਕੀਤੀਆਂ ਗਈਆਂ ਹਨ ਉਹ ਗਰਾਂਟ ਉਨ੍ਹਾਂ ਕੰਮਾਂ ‘ਤੇ ਹੀ ਖਰਚ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਵਿਕਾਸ ਕਾਰਜਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਕੰਮ ਦੀ ਗੁਣਵੱਤਾ ਨੂੰ ਪੂਰੀ ਤਰ੍ਹਾਂ ਕਾਇਮ ਰੱਖਣ । ਉਨ੍ਹਾਂ ਇਹ ਵੀ ਕਿਹਾ ਕਿ ਕੰਮ ਨੂੰ ਸਮੇਂ ਸਿਰ ਨੇਪਰੇ ਚਾੜਨ ਅਤੇ ਉਸ ਦੀ ਗੁਣਵੱਤਾ ਲਈ ਸਬੰਧਤ ਅਧਿਕਾਰੀ ਨੂੰ ਜਿੰਮੇਵਾਰ ਠਹਿਰਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਮਲੋਹ ਬਲਾਕ ਨੂੰ 79 ਲੱਖ 23 ਹਜਾਰ, ਬਸੀ ਪਠਾਣਾ ਬਲਾਕ ਨੂੰ 41 ਲੱਖ 50 ਹਜਾਰ ਰੁਪਏ, ਖਮਾਣੋਂ ਬਲਾਕ ਨੂੰ 49 ਲੱਖ 55 ਹਜਾਰ, ਖੇੜਾ ਬਲਾਕ ਨੂੰ 49 ਲੱਖ 36 ਹਜਾਰ ਅਤੇ ਸਰਹਿੰਦ ਬਲਾਕ ਨੂੰ 65 ਲੱਖ 23 ਹਜਾਰ ਰੁਪਏ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਹਨ।