ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਜ਼ਿਲ੍ਹੇ ਦੇ 6 ਸਕੂਲਾਂ ਵਿੱਚ 33 ਲੱਖ ਰੁਪਏ ਦੀ ਲਾਗਤ ਨਾਲ ਚੱਲ ਰਹੇ ਵਿਕਾਸ ਕਾਰਜਾਂ ਨੂੰ 31 ਮਾਰਚ ਤੱਕ ਮੁਕੰਮਲ ਕੀਤਾ ਜਾਵੇ – ਸੰਘਾ

unnamed (1)

ਫਤਹਿਗੜ੍ਹ ਸਾਹਿਬ, 9 ਜਨਵਰੀ – ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਧੀਨ ਜ਼ਿਲ੍ਹੇ ਦੇ 41 ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਦੇ ਨਿਰਮਾਣ ਦਾ ਕਾਰਜ ਮੁਕੰਮਲ ਹੋ ਚੁੱਕਾ ਹੈ ਜਿਸ ‘ਤੇ ਕਿ 2 ਕਰੋੜ 87 ਲੱਖ ਰੁਪਏ ਖਰਚ ਆਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ । ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਵਿਦਿਆਰਥੀਆਂ ਦੇ ਗਿਆਨ ਦਾ ਪੱਧਰ ਉਚਾ ਕਰਨ ਲਈ ਉਨ੍ਹਾਂ ਵਿੱਚ ਵੱਧ ਤੋਂ ਵੱਧ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕੀਤੀ ਜਾਵੇ । ਉਹਨਾਂ ਜ਼ਿਲ੍ਹੇ ਦੇ 6 ਸਕੂਲਾਂ ਵਿੱਚ 33 ਲੱਖ ਰੁਪਏ ਦੀ ਲਾਗਤ ਨਾਲ ਚੱਲ ਰਹੇ ਵਿਕਾਸ ਕਾਰਜਾਂ ਨੂੰ 31 ਮਾਰਚ ਤੱਕ ਮੁਕੰਮਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਕੰਮ ਦੀ ਗੁਣਵੱਤਾ ਨੂੰ ਹਰ ਕੀਮਤ ‘ਤੇ ਬਰਕਰਾਰ ਰੱਖਿਆ ਜਾਵੇ ਅਤੇ ਚੱਲ ਰਹੇ ਸਾਰੇ ਵਿਕਾਸ ਕਾਰਜ ਸਮੇਂ ਸਿਰ ਨੇਪਰੇ ਚਾੜਨੇ ਯਕੀਨੀ ਬਣਾਏ ਜਾਣ। ਸ. ਸੰਘਾ ਨੇ ਜਾਣਕਾਰੀ ਦਿੱਤੀ ਕਿ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰੀ ਹਾਈ ਸਕੂਲ ਸਰਹਿੰਦ ਵਿਖੇ ਸਪੈਸ਼ਲ ਰਿਸੋਰਸ ਸੈਂਟਰ ਖੋਲਿਆ ਗਿਆ ਹੈ, ਜਿਥੇ ਕਿ 25 ਵਿਸ਼ੇਸ ਲੋੜਾਂ ਵਾਲੇ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਉਨ੍ਹਾਂ ਅਧਿਆਪਕਾਂ ਨੂੰ ਆਖਿਆ ਕਿ ਸਿੱਖਿਆ ਤੋਂ ਵਿਰਵੇ ਰਹਿਣ ਵਾਲੇ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਨੂੰ ਇਸ ਰਿਸੋਰਸ ਸੈਂਟਰ ਵਿਖੇ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਸਾਰੇ ਸਕੂਲਾਂ ਵਿੱਚ ਮਿਡ ਡੇਅ ਮੀਲ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਨਿਰੰਤਰ ਚੈਕਿੰਗ ਕੀਤੀ ਜਾਵੇ ਅਤੇ ਮਿਡ ਡੇਅ ਮੀਲ ਤਿਆਰ ਕਰਨ ਵਾਸਤੇ ਐਗਮਾਰਕ, ਐਫ.ਐਸ.ਐਸ.ਏ.ਆਈ. ਅਤੇ ਬੀ.ਓ. ਆਈ. ਐਸ. ਮਾਰਕੇ ਵਾਲੇ ਮਟੀਰੀਅਲ ਦੀ ਹੀ ਵਰਤੋਂ ਕੀਤੀ ਜਾਵੇ ਅਤੇ ਮਿਡ ਡੇਅ ਮੀਲ ਲਈ ਵਰਤੇ ਜਾਂਦੇ ਕੱਚੇ ਮਟੀਰੀਅਲ ਦੀ ਸਾਂਭ ਸੰਭਾਲ ਵੱਲ ਵਿਸੇਸ ਧਿਆਨ ਦਿੱਤਾ ਜਾਵੇ। ਉਨ੍ਹਾਂ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਆਖਿਆ ਕਿ ਉਹ ਛੋਟੇ ਬੱਚਿਆਂ ਵਿੱਚ ਚੰਗੀ ਸਿਹਤ ਅਤੇ ਸਫਾਈ ਰੱਖਣ ਦੀ ਆਦਤ ਪਾਉਣ ਦੇ ਨੁਕਤੇ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਅਪਣਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨ ਕਿਉਂਕਿ ਚੰਗੇ ਇਨਸਾਨ ਬਣਾਉਣ ਲਈ ਬਚਪਨ ਤੋਂ ਹੀ ਵਿਦਿਆਰਥੀਆਂ ਵਿੱਚ ਉਸਾਰੂ ਗੁਣ ਪੈਦਾ ਕਰਨੇ ਜਰੂਰੀ ਹਨ।

ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਸੰਸਦ ਆਦਰਸ਼ ਗਰਾਮ ਯੋਜਨਾਂ ਅਧੀਨ ਚੁੰਨੀ ਕਲਾਂ ਦਾ ਚ੍ਹੌਤਰਫਾ ਵਿਕਾਸ ਯਕੀਨੀ ਬਣਾਇਆ ਜਾਵੇਗਾ – ਸੰਘਾ

unnamed

ਫ਼ਤਹਿਗੜ੍ਹ ਸਾਹਿਬ, 9 ਜਨਵਰੀ – ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 11 ਅਕਤੂਬਰ ਨੂੰ ਸ਼ੁਰੂ ਕੀਤੀ ਗਈ ਸੰਸਦ ਆਦਰਸ਼ ਗਰਾਮ ਯੋਜਨਾਂ ਅਧੀਨ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਲੋਕ ਸਭਾ ਸ. ਹਰਿੰਦਰ ਸਿੰਘ ਖਾਲਸਾ ਵੱਲੋਂ ਖੇੜਾ ਬਲਾਕ ਦੇ ਪਿੰਡ ਚੁੰਨੀ ਕਲਾਂ ਨੂੰ ਅਪਣਾਇਆ ਗਿਆ ਹੈ, ਇਥੇ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਰਾਹੀਂ ਵਿਕਾਸ ਸਕੀਮਾਂ ਲਾਗੂ ਕਰਕੇ ਪਿੰਡ ਦੇ ਲੋਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ, ਸੀਵਰੇਜ, ਸਾਫ ਸਫਾਈ, ਸਿਹਤ ਸੇਵਾਵਾਂ, ਸਿੱਖਿਆ ਸੇਵਾਵਾਂ ਸਮੇਤ ਹੋਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਪਿੰਡ ਚੁੰਨੀ ਕਲਾਂ ਵਿਖੇ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਸਕੀਮਾਂ ਸਬੰਧੀ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਮੁਆਇਨਾਂ ਕਰਨ ਉਪਰੰਤ ਵਿਸ਼ਾਲ ਕੈਂਪ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਤੰਦਰੁਸਤੀ ਇੱਕ ਅਨਮੋਲ ਖਜਾਨਾ ਹੈ ਇਸ ਲਈ ਲੋਕਾਂ ਨੂੰ ਸਾਫ ਸਫਾਈ ਅਤੇ ਸੰਤੁਲਿਤ ਆਹਾਰ ਪ੍ਰਤੀ ਜਾਗਰੂਕ ਕਰਨ ਲਈ ਇਸ ਪਿੰਡ ਵਿੱਚ ਲਗਾਤਾਰ ਕੈਂਪ ਲਗਾਏ ਜਾਣ। ਉਨ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਕਿਹਾ ਕਿ ਸੰਸਦ ਆਦਰਸ਼ ਗਰਾਮ ਯੋਜਨਾਂ ਸਬੰਧੀ ਸਰਕਾਰ ਵੱਲੋਂ ਛਪਵਾਏ ਗਏ ਕਿਤਾਬਚੇ ਦੀਆਂ ਕਾਪੀਆਂ ਪਿੰਡ ਦੇ ਸਕੂਲ, ਪੰਚਾਇਤ ਘਰ ਅਤੇ ਸਹਿਕਾਰੀ ਸਭਾਵਾਂ ਵਿੱਚ ਰੱਖੀਆਂ ਜਾਣ ਤਾਂ ਜੋ ਲੋਕਾਂ ਨੂੰ ਇਸ ਯੋਜਨਾਂ ਅਧੀਨ ਮਿਲਣ ਵਾਲੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ਜਾ ਸਕੇ।