ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨ ਕਰਜ਼ਾ ਮੁਆਫੀ ਦੀ ਪਹਿਲੀ ਕਿਸ਼ਤ ਜਾਰੀ

ਮਾਨਸਾ  : ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮਾਨਸਾ ਵਿਚ ਰੱਖੇ ਗਏ ਸੂਬਾ ਪੱਧਰੀ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨ ਕਰਜ਼ਾ ਮੁਆਫੀ ਸੰਬੰਧੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ। ਇਸ ਪ੍ਰੋਗਰਾਮ ਵਿਚ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 167.39 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵਿਚ 46,555 ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ।
ਪਹਿਲੇ ਪੜਾਅ ਵਿਚ ਸਹਿਕਾਰੀ ਬੈਂਕਾਂ ਨਾਲ ਸੰਬੰਧਤ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ। ਦੋ ਲੱਖ ਰੁਪਏ ਦੇ ਕਰਜ਼ੇ ਵਿਚੋਂ ਪ੍ਰਤੀ ਕਿਸਾਨ 40 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਸ਼ੁਰੂ ‘ਚ ਮੁਆਫ ਕੀਤਾ ਜਾ ਰਿਹਾ ਹੈ। ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਦਾ ਕਰਜ਼ਾ ਸਹਿਕਾਰੀ ਬੈਂਕਾਂ ਦੇ ਕਰਜ਼ੇ ਦੀ ਮੁਆਫੀ ਤੋਂ ਬਾਅਦ ਕੀਤਾ ਜਾਵੇਗਾ। ਕਿਸਾਨ ਮੁਆਫੀ ਦੀ ਪਹਿਲੀ ਕਿਸ਼ਤ ਦਾ ਲਾਭ ਪੰਜ ਜ਼ਿਲਿਆਂ ਮਾਨਸਾ, ਮੋਗਾ, ਮੁਕਤਸਰ, ਬਠਿੰਡਾ ਅਤੇ ਫਰੀਦਕੋਟ ਦੇ ਕਿਸਾਨਾਂ ਨੂੰ ਮਿਲੇਗਾ।

ਰਾਸ਼ਟਰੀ

ਹੁਣ ਜੇਲ੍ਹ ਦੀਆਂ ਰੋਟੀਆਂ ਖਾਣਗੇ ਲਾਲੂ

ਰਾਂਚੀ: ਚਾਰਾ ਘੁਟਾਲੇ ਵਿੱਚ ਦੋਸ਼ੀ ਠਹਿਰਾਏ ਗਏ ਆਰ.ਜੇ.ਡੀ. ਆਗੂ ਲਾਲੂ ਪ੍ਰਸਾਦ ਯਾਦਵ ਨੂੰ ਅੱਜ ਸੀ.ਬੀ.ਆਈ. ਅਦਾਲਤ ਨੇ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਜੱਜ ਨੇ ਕੈਦ ਦੇ ਨਾਲ ਨਾਲ 5 ਲੱਖ ਰੁਪਏ ਜ਼ੁਰਮਾਨਾ ਭਰਨ ਦਾ ਵੀ ਹੁਕਮ ਸੁਣਾਇਆ ਹੈ।

ਅਦਾਲਤ ਦੇ ਫ਼ੈਸਲੇ ਮੁਤਾਬਕ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਜ਼ਮਾਨਤ ਨਹੀਂ ਮਿਲੇਗੀ। ਲਾਲੂ ਨੂੰ ਚਾਰਾ ਘੁਟਾਲ਼ੇ ਦੇ ਇੱਕ ਕੇਸ ਯਾਨੀ ਦੇਵਘਰ ਖ਼ਜ਼ਾਨੇ ਵਾਲੇ ਮਾਮਲੇ ਵਿੱਚ ਇਹ ਕੈਦ ਤੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਲਾਲੂ ਨੇ ਬਿਮਾਰ ਤੇ ਬਿਰਧ ਹੋਣ ਦੇ ਆਧਾਰ ’ਤੇ ਨਰਮੀ ਵਰਤਣ ਦੀ ਬੇਨਤੀ ਕੀਤੀ ਸੀ। ਲਾਲੂ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਨ ਵਾਸਤੇ ਵਿਸ਼ੇਸ਼ ਸੀਬੀਆਈ ਜੱਜ ਸ਼ਿਵ ਪਾਲ ਸਿੰਘ ਅੱਗੇ ਪੇਸ਼ ਹੋਏ ਸਨ।

ਸ਼੍ਰੀ ਫ਼ਤਹਿਗੜ੍ਹ ਸਾਹਿਬ

ਫ਼ਤਹਿਗੜ੍ਹ ਸਾਹਿਬ ਦੀਆਂ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਲਈ 20 ਕਰੋੜ ਖ਼ਰਚੇ ਜਾਣਗੇ-ਨਾਗਰਾ

ਫ਼ਤਹਿਗੜ੍ਹ ਸਾਹਿਬ, 6 ਜਨਵਰੀ : ਪੰਜਾਬ ਸਰਕਾਰ ਵਲੋਂ ਫ਼ਤਹਿਗੜ੍ਹ ਸਾਹਿਬ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਨੂੰ ਵੇਖਦੇ ਹੋਏ ਇਸ ਨੂੰ ਵਿਸ਼ਵ ਪੱਧਰ ਦੇ ਧਾਰਮਿਕ ਵਿਰਾਸਤੀ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਫ਼ਤਹਿਗੜ੍ਹ ਸਾਹਿਬ ਵਿਖੇ ਪੈਂਦੀਆਂ ਸਮੂਹ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਜਿਵੇਂ ਕਿ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਰੋਜ਼ਾ ਸ਼ਰੀਫ਼, ਸ਼ਹੀਦ ਊਧਮ ਸਿੰਘ ਸਮਾਰਕ, ਡੇਰਾ ਮੀਰ ਮੀਰਾ ਵਿਖੇ ਸੁਲਤਾਨ ਬਹਿਲੋਲ ਲੋਧੀ ਦੀ ਬੇਗ਼ਮ ਸੁਬਹਾਨ ਬੀਬੀ ਦੀ ਮਜ਼ਾਰ, ਸਧਨੇ ਕਸਾਈ ਦੀ ਮਸੀਤ, ਉਸਤਾਦ ਤੇ ਚੇਲੇ ਦੀ ਮਜ਼ਾਰ, ਦੀਵਾਨ ਟੋਡਰ ਮੱਲ ਦੀ ਹਵੇਲੀ, ਮਾਤਾ ਚਕਰੇਸ਼ਵਰੀ ਦੇਵੀ ਮੰਦਿਰ ਤੇ ਆਮ ਖ਼ਾਸ ਬਾਗ਼ ਦੀ ਪੁਰਾਤਨ ਦਿੱਖ ਨੂੰ ਬਰਕਰਾਰ ਰੱਖਣ ਮੋਤੀ ਮਹਿਰਾ ਗੇਟ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਗੇਟ ਤੱਕ ਤੇ ਜੋਤੀ ਸਰੂਪ ਲਾਈਟਾਂ ਤੋਂ ਆਮ ਖ਼ਾਸ ਬਾਗ਼ ਨੂੰ ਜਾਂਦੀ ਸੜਕ ਦੇ ਸੁੰਦਰੀਕਰਨ ਲਈ ਕੇਂਦਰ ਸਰਕਾਰ ਦੀ ਸਹਾਇਤਾ ਨਾਲ 20 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ | ਇਹ ਜਾਣਕਾਰੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪੰਜਾਬ ਟੂਰਿਜ਼ਮ ਬੋਰਡ ਚੰਡੀਗੜ੍ਹ ਦੇ ਕਾਰਜਕਾਰੀ ਇੰਜੀਨੀਅਰ ਪ੍ਰੇਮ ਚੰਦ ਤੇ ਟੂਰਿਜ਼ਮ ਬੋਰਡ ਦੇ ਨਵੀਂ ਦਿੱਲੀ ਤੋਂ ਆਏ ਤਕਨੀਕੀ ਸਲਾਹਕਾਰ ਕਪਿਲ ਅਰੋੜਾ ਤੇ ਕੈਲਾਸ਼ ਅਮੂਲੀ ਦੇ ਨਾਲ ਇਨ੍ਹਾਂ ਇਮਾਰਤਾਂ ਦਾ ਜਾਇਜ਼ਾ ਲੈਣ ਮੌਕੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਨ੍ਹਾਂ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਨੂੰ ਪੁਰਾਤਨ ਦਿੱਖ ਪ੍ਰਦਾਨ ਕਰਨ ਨਾਲ ਜਿਥੇ ਫ਼ਤਹਿਗੜ੍ਹ ਸਾਹਿਬ ਦੇਸ਼-ਵਿਦੇਸ਼ ਦੇ ਸੈਲਾਨੀਆਂ ਲਈ ਇਕ ਸ਼ਾਨਦਾਰ ਟੂਰਿਸਟ ਪਲੇਸ ਬਣੇਗਾ, ਉਥੇ ਹੀ ਇਸ ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਤੇ ਇਹ ਜ਼ਿਲ੍ਹਾ ਰਾਜ ਦੇ ਮੋਹਰੀ ਜ਼ਿਲਿ੍ਹਆਂ ‘ਚ ਸ਼ਾਮਿਲ ਹੋਵੇਗਾ | ਸ. ਨਾਗਰਾ ਨੇ ਟੀਮ ਨੂੰ ਆਮ-ਖ਼ਾਸ ਬਾਗ਼ ਦਾ ਦੌਰਾ ਵੀ ਕਰਵਾਇਆ ਤੇ ਦੱਸਿਆ ਕਿ ਇਸ ਇਤਿਹਾਸਕ ਆਮ-ਖ਼ਾਸ ਬਾਗ਼ ਨੂੰ ਪੁਰਾਤਨ ਦਿੱਖ ਪ੍ਰਦਾਨ ਕਰਨ ਦੇ ਨਾਲ-ਨਾਲ ਇਥੇ ਆਉਣ ਵਾਲੇ ਸੈਲਾਨੀਆਂ ਲਈ ਸੂਚਨਾ ਕੇਂਦਰ ਵੀ ਬਣਾਇਆ ਜਾਵੇਗਾ | ਇਸ ਤੋਂ ਇਲਾਵਾ ਆਮ ਖ਼ਾਸ ਬਾਗ਼ ਵਿਖੇ ਇਕ ਛੋਟੇ ਥੀਏਟਰ ਵਰਗਾ ਸੈਂਟਰ ਵੀ ਬਣਾਇਆ ਜਾਵੇਗਾ ਤੇ ਇਹ ਪ੍ਰੋਜੈਕਟ ਛੇਤੀ ਹੀ ਸ਼ੁਰੂ ਹੋ ਜਾਵੇਗਾ | ਇਸ ਮੌਕੇ ਟੂਰਿਜ਼ਮ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਪ੍ਰੇਮ ਚੰਦ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੰਘੋਲ ਵਿਖੇ ਬਣੇ ਮਿਊਜ਼ੀਅਮ ਦੇ ਨਵੀਨੀਕਰਨ ਦਾ ਕੰਮ ਵੀ ਛੇਤੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ | ਰੋਜ਼ਾ ਸ਼ਰੀਫ਼ ਵਿਖੇ ਖ਼ਲੀਫ਼ਾ ਸਈਅਦ ਸਾਦਿਕ ਰਜਾ ਨੇ ਟੀਮ ਨੂੰ ਰੋਜ਼ਾ ਸ਼ਰੀਫ਼ ਦੇ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਮੌਕੇ ਤਹਿਸੀਲਦਾਰ ਰਵਿੰਦਰ ਕੁਮਾਰ ਬਾਂਸਲ, ਮੁਹੰਮਦ ਜੁਬੈਰ, ਸੈਫ ਅਹਿਮਦ ਚੇਅਰਮੈਨ ਘੱਟ ਗਿਣਤੀ ਸੈੱਲ ਜ਼ਿਲ੍ਹਾ ਕਾਂਗਰਸ ਕਮੇਟੀ, ਪਰਮਵੀਰ ਸਿੰਘ ਟਿਵਾਣਾ, ਜੇ. ਈ. ਬਲਜਿੰਦਰ ਸਿੰਘ ਤੇ ਤੇਜਿੰਦਰਪਾਲ ਸਿੰਘ ਪਟਵਾਰੀ ਆਦਿ ਮੌਜੂਦ ਸਨ |