ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਬਲਵਿੰਦਰ ਸਿੰਘ ਨੇ ਪਸ਼ੂਧਨ ਮੁਕਾਬਲਿਆਂ ਵਿੱਚ ਇਨਾਮ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ

na2-1

ਫ਼ਤਹਿਗੜ੍ਹ ਸਾਹਿਬ 23 ਜਨਵਰੀ – ਜ਼ਿਲ੍ਹੇ ਦੇ ਅਮਲੋਹ ਬਲਾਕ ਦੇ ਪਿੰਡ ਉਚੀ ਰੁੜਕੀ ਦੇ ਅਗਾਂਹਵਧੂ ਪਸ਼ੂ ਪਾਲਕ ਬਲਵਿੰਦਰ ਸਿੰਘ ਦੇ ਪਸ਼ੂ ਪਿਛਲੇ 5 ਸਾਲਾਂ ਤੋਂ ਕੌਮੀ ਪੱਧਰ, ਰਾਜ ਪੱਧਰ ਤੇ ਜ਼ਿਲ੍ਹਾ ਪੱਧਰ ਦੇ ਪਸ਼ੂਧਨ ਮੁਕਾਬਲਿਆਂ ਵਿੱਚ ਇਨਾਮ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਪਸ਼ੂ ਪਾਲਕ ਦੀ ਮੱਝ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ 8 ਤੋਂ 12 ਜਨਵਰੀ ਤੱਕ ਹੋਈ ਕੌਮੀ ਪੱਧਰ ਦੀ ਪਸ਼ੂਧਨ ਚੈਂਪਿਅਨਸ਼ਿਪ ਦੇ ਦੁੱਧ ਚੁਆਈ ਦੇ ਮੁਕਾਬਲਿਆਂ ਵਿੱਚ ਸਭ ਤੋਂ ਵੱਧ 23.913 ਕਿਲੋਗ੍ਰਾਮ ਦੁੱਧ ਦੇ ਕੇ ਰਿਕਾਰਡ ਕਾਇਮ ਕੀਤਾ ਤੇ 1.50 ਲੱਖ ਰੁਪਏ ਦਾ ਪਹਿਲਾ ਇਨਾਮ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਤੋਂ ਹਾਸਲ ਕੀਤਾ। ਬਲਵਿੰਦਰ ਸਿੰਘ ਦੀਆਂ 5 ਮੱਝਾਂ ਤੇ ਇੱਕ ਗਾਂ ਨੇ ਇਸ ਕੌਮੀ ਪਸ਼ੂਧਨ ਤੇ ਦੁੱਧ ਚੁਆਈ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਕੁੱਲ 4 ਲੱਖ 3 ਹਜਾਰ ਰੁਪਏ ਦੇ 7 ਇਨਾਮ ਜਿੱਤੇ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀਂ ਮੁਰਹਾ ਨਸਲ ਦੀ ਮੱਝ ਨੇ ਦੁੱਧ ਚੁਆਈ ਦੇ ਮੁਕਾਬਲਿਆਂ ਵਿੱਚ ਸਭ ਤੋਂ ਵੱਧ 23.913 ਕਿਲੋਗ੍ਰਾਮ ਦੁੱਧ ਦੇ ਕੇ 1.50 ਲੱਖ ਰੁਪਏ ਦਾ ਪਹਿਲਾ ਇਨਾਮ, ਉਸ ਦੀ ਮੁਰਹਾ ਨਸਲ ਦੀ ਇੱਕ ਝੋਟੀ ਨੇ ਨਸਲੀ ਮੁਕਾਬਲਿਆਂ ਵਿੱਚ 1 ਲੱਖ ਰੁਪਏ ਦਾ ਦੂਜਾ ਇਨਾਮ ਅਤੇ ਇਸੇ ਝੋਟੀ ਨੇ ਪਸ਼ੂਧਨ ਚੈਂਪਿਅਨਸ਼ਿਪ ‘ਚ 51 ਹਜਾਰ ਰੁਪਏ ਦਾ ਤੀਜਾ ਇਨਾਮ ਹਾਸਲ ਕੀਤਾ। ਉਸ ਦੀ ਨੀਲੀ ਰਾਵੀ ਨਸਲ ਦੀ ਮੱਝ ਨੇ ਦੁੱਧ ਚੁਆਈ ਮੁਕਾਬਲਿਆਂ ਵਿੱਚ 51 ਹਜਾਰ ਰੁਪਏ ਦਾ ਤੀਜਾ ਇਨਾਮ ਅਤੇ ਨਸਲੀ ਮੁਕਾਬਲਿਆਂ ਵਿੱਚ 7ਵੇਂ ਸਥਾਨ ‘ਤੇ ਰਹਿ ਕੇ 10 ਹਜਾਰ ਰੁਪਏ ਦਾ ਇਨਾਮ ਜਿੱਤਿਆ। ਉਸ ਦੀ ਇੱਕ ਹੋਰ ਮੱਝ ਨੇ ਦੁੱਧ ਚੁਆਈ ਦੇ ਮੁਕਾਬਲਿਆਂ ਵਿੱਚ ਚੌਥਾ ਸਥਾਨ ਹਾਸਲ ਕਰਕੇ 31 ਹਜਾਰ ਰੁਪਏ ਦਾ ਇਨਾਮ ਅਤੇ ਉਸ ਦੀ ਇੱਕ ਜਰਸੀ ਨਸਲ ਦੀ ਗਾਂ ਨੇ 6ਵੇਂ ਸਥਾਨ ‘ਤੇ ਰਹਿ ਕੇ 10 ਹਜਾਰ ਰੁਪਏ ਦਾ ਇਨਾਮ ਹਾਸਲ ਕੀਤਾ। ਬਲਵਿੰਦਰ ਸਿੰਘ ਨੇ ਹੋਰ ਦੱਸਿਆ ਕਿ ਹਾਰਲੈਕਸ ਵੱਲੋਂ 1983 ਵਿੱਚ ਕਰਵਾਏ ਗਏ ਪਸ਼ੂਧਨ ਮੁਕਾਬਲਿਆਂ ਵਿੱਚ ਉਸ ਨੇ ਹਿੱਸਾ ਲਿਆ ਸੀ ਜਿਥੋਂ ਉਸ ਨੂੰ ਪਸ਼ੂਆਂ ਦੀ ਨਸਲ ਸੁਧਾਰਨ ਦੀ ਚੇਟਕ ਲੱਗ ਗਈ ਅਤੇ ਉਸ ਨੇ 1990 ਵਿੱਚ ਵਿਗਿਆਨਕ ਢੰਗ ਤਰੀਕੇ ਨਾਲ ਪਸ਼ੂਆਂ ਦੀ ਨਸਲ ਸੁਧਾਰਨ ਦਾ ਕੰਮ ਸ਼ੁਰੂ ਕੀਤਾ। ਜਿਸ ਦਾ ਪਹਿਲਾ ਨਤੀਜਾ ਉਸ ਨੂੰ ਸਾਲ 2010 ਵਿੱਚ ਮਿਲਿਆ ਜਦੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਨੈਸ਼ਨਲ ਪਸ਼ੂਧਨ ਚੈਂਪਿਅਨਸ਼ਿਪ ਵਿੱਚ ਉਸ ਦੀ ਮੱਝ ਸਾਰੀਆਂ ਮੱਝਾ ਤੋਂ ਵੱਧ ਦੁੱਧ ਦੇ ਕੇ ਓਵਰ ਆਲ ਚੈਂਪੀਅਨ ਰਹੀ। ਉਨ੍ਹਾਂ ਪਸ਼ੂ ਪਾਲਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰਨ ਵੱਲ ਵਿਸ਼ੇਸ ਧਿਆਨ ਦੇਣ ਕਿਉਂਕਿ ਇਸ ਕਿੱਤੇ ਵਿੱਚ ਘੱਟ ਖਰਚ ਕਰਕੇ ਵਧੀਆ ਨਸਲ ਦੇ ਦੁਧਾਰੂ ਪਸ਼ੂਆਂ ਤੋਂ ਹੀ ਵਧੇਰੇ ਮੁਨਾਫਾ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦੁੱਧ ਦੀ ਮੰਗ ਵੱਧਣ ਨਾਲ ਇਸ ਧੰਦੇ ਦੇ ਹੋਰ ਪ੍ਰਫੁੱਲਤ ਹੋਣ ਦੀਆਂ ਬਹੁਤ ਸੰਭਾਵਨਾਵਾਂ ਹਨ । ਉਸ ਨੇ ਕਿਹਾ ਕਿ ਉਹ ਇਸ ਧੰਦੇ ਨੂੰ ਹੋਰ ਵਧਾਉਣ ਲਈ ਡੇਅਰੀ ਵਿਕਾਸ ਵਿਭਾਗ ਦੀ ਸਹਾਇਤਾ ਨਾਲ ਆਧੁਨਿਕ ਕੈਟਲ ਸ਼ੈਡ ਉਸਾਰਨ ਲਈ ਸਹਿਕਾਰੀ ਬੈਂਕ ਤੋਂ ਕਰਜਾ ਲਵੇਗਾ ਕਿਉਂਕਿ ਇਹ ਬੈਂਕ ਹੋਰਨਾਂ ਵਪਾਰਕ ਬੈਂਕਾਂ ਤੋਂ ਸਸਤੀ ਵਿਆਜ ਦਰ ‘ਤੇ ਪਸੂ ਪਾਲਣ ਦੇ ਧੰਦੇ ਨੂੰ ਉਤਸਾਹਤ ਕਰਨ ਲਈ ਕਰਜੇ ਦਿੰਦਾ ਹੈ ਅਤੇ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ।