ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਮਾਰੂਤੀ ਕਾਰ ਭਾਖੜਾ ਨਹਿਰ ਵਿੱਚ ਡਿੱਗੀ ਦੋ ਬੱਚਿਆਂ ਸਮੇਤ 4 ਲਾਪਤਾ, ਇੱਕ ਦੀ ਮੌਤ ਅਤੇ ਦੋ ਵਿਅਕਤੀ ਜਿਉਂਦੇ ਕੱਢੇ

photo car accsident-1 photo car accsident-2

ਫ਼ਤਹਿਗੜ੍ਹ ਸਾਹਿਬ, 23 ਜਨਵਰੀ – ਅੱਜ ਸ਼ਾਮ ਕਰੀਬ 4 ਵਜੇ ਮਾਰੂਤੀ ਕਾਰ ਨੰਬਰ ਐਚ.ਆਰ. 41 ਬੀ 9596, ਜਿਸ ਵਿੱਚ 7 ਵਿਅਕਤੀ ਸਵਾਰ ਸਨ ਜੋ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਫੈਜਗੜ੍ਹ ਤੋਂ ਫ਼ਤਹਿਗੜ੍ਹ ਸਾਹਿਬ ਵੱਲ ਨੂੰ ਆ ਰਹੇ ਸਨ, ਸਰਹਿੰਦ-ਭਾਦਸੋਂ ਰੋਡ ‘ਤੇ ਪਿੰਡ ਸੌਂਢਾ ਨਜਦੀਕ ਭਾਖੜਾ ਨਹਿਰ ਦੇ ਪੁਲ ਕੋਲ ਅਚਾਨਕ ਕਾਰ ਨਹਿਰ ਵਿੱਚ ਜਾ ਡਿੱਗੀ। ਜਿਸ ਵਿੱਚੋਂ ਤਿੰਨ ਵਿਅਕਤੀਆਂ ਨੂੰ ਪਿੰਡ ਸੌਂਢਾ ਦੇ ਵਾਸੀ ਹਰਜਿੰਦਰ ਸਿੰਘ, ਨਰਿੰਦਰ ਸਿੰਘ ਅਤੇ ਰਘਬੀਰ ਸਿੰਘ ਨੇ ਮੌਕੇ ‘ਤੇ ਹੀ ਬਾਹਰ ਕੱਢ ਲਿਆ, ਜਿਨ੍ਹਾਂ ਵਿੱਚੋਂ ਇੱਕ ਬਜੁਰਗ ਔਰਤ ਗੁਰਚਰਨ ਕੌਰ ਪਤਨੀ ਸ. ਜਸਬੀਰ ਸਿੰਘ ਮੌਕੇ ‘ਤੇ ਹੀ ਦਮ ਤੋੜ ਗਈ ਜਦੋਂ ਕਿ ਕਾਰ ਦਾ ਡਰਾਈਵਰ ਰਣਜੀਤ ਸਿੰਘ (38) ਪੁੱਤਰ ਇੰਦਰ ਸਿੰਘ ਵਾਸੀ ਪਿੰਡ ਫੈਜਗੜ੍ਹ ਅਤੇ ਪਿੰਡ ਠਸਕਾ ਦੇ ਵਾਸੀ ਸ. ਸ਼ੇਰ ਸਿੰਘ ਪੁੱਤਰ ਸੁਰਿੰਦਰ ਸਿੰਘ ਨੂੰ ਮੁਢਲੀ ਸਹਾਇਤਾ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ। ਜੋ ਕਿ ਖਤਰੇ ਤੋਂ ਬਾਹਰ ਹਨ। ਇਸ ਤੋਂ ਇਲਾਵਾ ਰਣਜੀਤ ਸਿੰਘ ਦੀ ਪਤਨੀ ਰੁਪਿੰਦਰ ਕੌਰ, ਉਸ ਦੇ ਦੋ ਬੱਚੇ ਲੜਕਾ ਸਾਹਿਲਪ੍ਰੀਤ ਸਿੰਘ (11), ਉਸ ਦੀ ਲੜਕੀ ਹਰਸਿਮਰਨ ਕੌਰ (3) ਅਤੇ ਗੁਰਚਰਨ ਕੌਰ ਦਾ ਸਪੁੱਤਰ ਦਿਲਬਾਗ ਸਿੰਘ ਲਾਪਤਾ ਹਨ। ਇਥੇ ਵਰਨਣਯੋਗ ਹੈ ਕਿ ਇਸ ਘਟਨਾ ਦਾ ਜਦੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਪੁਲਿਸ ਮੁਖੀ ਸ. ਗੁਰਮੀਤ ਸਿੰਘ ਰੰਧਾਵਾ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਐਸ.ਪੀ. ਦਲਜੀਤ ਸਿੰਘ ਰਾਣਾ ਅਤੇ ਐਸ.ਪੀ. ਬਲਵੰਤ ਸਿੰਘ, ਡੀ.ਐਸ.ਪੀ. ਹਰਦਵਿੰਦਰ ਸਿੰਘ, ਐਸ.ਐਚ.ਓ. ਗੁਰਮੀਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੌਕੇ ‘ਤੇ ਪੁੱਜ ਕੇ ਰਾਹਤ ਕਾਰਜ ਸ਼ੁਰੂ ਕਰਵਾਏ। ਪੁਲਿਸ ਵੱਲੋਂ ਪਟਿਆਲਾ ਅਤੇ ਦੋਰਾਹਾ ਤੋਂ ਗੋਤਾਖੋਰਾਂ ਨੂੰ ਬੁਲਾ ਕੇ ਤੇ ਦੋ ਕਰੇਨਾ ਲਗਾ ਕੇ ਕਰੀਬ 7 ਵਜੇ ਮਾਰੂਤੀ ਕਾਰ ਨੂੰ ਬਾਹਰ ਕੱਢ ਲਿਆ ਗਿਆ ।