ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਹੰਸਾਲੀ ਵਾਲਿਆਂ ਦਾ ਸਮੁੱਚਾ ਜੀਵਨ ਮਾਨਵਤਾ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ – ਬਾਦਲ

cm 1
ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ, ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ, ਦੀਵਾਨ ਟੋਡਰ ਮੱਲ ਹਾਲ ਫ਼ਤਹਿਗੜ੍ਹ ਸਾਹਿਬ ਵਿਖੇ ਨਿਰਮਲ ਡੇਰਾ ਦੇ ਨਵੇਂ ਮੁਖੀ ਬਾਬਾ ਪਰਮਜੀਤ ਸਿੰਘ ਨੂੰ ਦਸਤਾਰ ਤੇ ਸਿਰੋਪਾਓ ਭੇਂਟ ਕਰਦੇ ਹੋਏ।
cm 2
ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ, ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਭੋਗ ਅਤੇ ਅੰਤਿਮ ਅਰਦਾਸ, ਮੌਕੇ ਦੀਵਾਨ ਟੋਡਰ ਮੱਲ ਹਾਲ ਫ਼ਤਹਿਗੜ੍ਹ ਸਾਹਿਬ ਵਿਖੇ ਨਿਰਮਲ ਡੇਰਾ ਦੇ ਨਵੇਂ ਮੁਖੀ ਬਾਬਾ ਪਰਮਜੀਤ ਸਿੰਘ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ।
cm 3
ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ, ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਦੀਵਾਨ ਟੋਡਰ ਮੱਲ ਹਾਲ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ।

ਫ਼ਤਹਿਗੜ੍ਹ ਸਾਹਿਬ, 10 ਜਨਵਰੀ – ਮਨੁੱਖਤਾ ਦੇ ਮਹਾਨ ਧਾਰਮਿਕ ਆਗੂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੂੰ ਉਨ੍ਹਾਂ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਲੱਖਾਂ ਸ਼ਰਧਾਲੂਆਂ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਖਸ਼ੀਅਤਾਂ ਨੇ ਦੀਵਾਨ ਟੋਡਰ ਮੱਲ ਹਾਲ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪੁੱਜ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਬਾਬਾ ਜੀ ਮਹਾਨ ਤਪਸਵੀ, ਮਹਾਨ ਸਮਾਜ ਸੇਵਕ ਅਤੇ ਅਜਿਹੀ ਮਹਾਨ ਧਾਰਮਿਕ ਸਖਸ਼ੀਅਤ ਦੇ ਮਾਲਕ ਸਨ ਜਿਨ੍ਹਾਂ ਦਾ ਸਮੁੱਚਾ ਜੀਵਨ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸੀ। ਉਨ੍ਹਾਂ ਆਖਿਆ ਕਿ ਬਾਬਾ ਜੀ ਦਾ ਸਮੁੱਚਾ ਜੀਵਨ ਸਾਡੇ ਸਾਰਿਆਂ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ। ਉਨ੍ਹਾਂ ਆਖਿਆ ਕਿ ਬਾਬਾ ਜੀ ਅਜਿਹੀ ਰੁਹਾਨੀ ਸਖਸ਼ੀਅਤ ਦੇ ਮਾਲਕ ਸਨ ਜਿਨ੍ਹਾਂ ਸਮੁੱਚੇ ਸਮਾਜ ਨੂੰ ਬਿਨਾਂ ਕਿਸੇ ਭੇਦ ਭਾਵ ਤੋਂ ਇੱਕ ਸੂਤਰ ਵਿੱਚ ਪ੍ਰੋਣ ਲਈ ਆਪਸੀ ਸਦਭਾਵਨਾਂ, ਸ਼ਾਂਤੀ, ਧਾਰਮਿਕ ਸਹਿਣਸ਼ੀਲਤਾ ਅਤੇ ਭਾਈਚਾਰ ਸਾਂਝ ਨੂੰ ਬੜਾਵਾ ਦੇਣ ਲਈ ਵੱਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਆਖਿਆ ਕਿ ਬਾਬਾ ਜੀ ਸਭ ਧਰਮਾ ਦਾ ਬਰਾਬਰ ਸਤਿਕਾਰ ਕਰਦੇ ਸਨ ਅਤੇ ਉਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਦੇ ਨਾਲ-ਨਾਲ ਚਰਚ ਅਤੇ ਮਸਜਿਦ ਦਾ ਨਿਰਮਾਣ ਕਰਵਾ ਧਰਮ ਨਿਰਪੇਖਤਾ ਦਾ ਸਬੂਤ ਦਿੱਤਾ। ਉਨ੍ਹਾਂ ਕਿਹਾ ਕਿ ਬਾਬਾ ਜੀ ਨੇ ਗੁਰੂ ਸਾਹਿਬਾਨ ਦੇ ਸਿੱਖੀ ਦੇ ਸੁਨੇਹੇ ਨੂੰ ਨਾ ਕੇਵਲ ਪੰਜਾਬ ਅਤੇ ਦੇਸ਼ ਵਿੱਚ ਸਗੋਂ ਦੇਸ਼ ਤੋਂ ਬਾਹਰ ਵੀ ਆਪਣੇ ਸ਼ਰਧਾਲੂਆਂ ਰਾਹੀਂ ਘਰ-ਘਰ ਪਹੁੰਚਾਇਆ। ਉਨ੍ਹਾਂ ਕਿਹਾ ਕਿ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਨ ਸੋਚ ਦੇ ਮਾਲਕ ਸਨ ਜਿਨ੍ਹਾਂ ਵੱਡੀ ਪੱਧਰ ‘ਤੇ ਖੇਡਾਂ, ਸਿੱਖਿਆ ਅਤੇ ਸਿਹਤ ਸੰਸਥਾਵਾਂ ਦਾ ਨਿਰਮਾਣ ਕਰਵਾ ਕੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਪਾਇਆ। ਸ. ਬਾਦਲ ਨੇ ਕਿਹਾ ਕਿ ਬਾਬਾ ਜੀ ਨੂੰ ਬਚਪਨ ਤੋਂ ਹੀ ਭਜਨ, ਬਾਣੀ ਅਤੇ ਪ੍ਰਮਾਤਮਾ ਨਾਲ ਸੁਰਤੀ ਜੋੜਨ ਦਾ ਮੌਕਾ ਮਿਲਿਆ ਤੇ ਬਾਅਦ ਵਿੱਚ ਉਨ੍ਹਾਂ ਹੰਸਾਲੀ ਵਿਖੇ ਆ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਿਰਮਲ ਡੇਰਾ ਸਥਾਪਤ ਕਰਕੇ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਲੰਗਰ ਦੀ ਪ੍ਰੰਪਰਾ ਨੂੰ ਦੂਰ ਦੁਰਾਡੇ ਤੇ ਪਿੰਡਾਂ ਤੱਕ ਪ੍ਰਚਲਤ ਕੀਤਾ, ਉਨ੍ਹਾਂ ਸਮੇਂ-ਸਮੇਂ ‘ਤੇ ਆਉਣ ਵਾਲੀਆਂ ਕੁਦਰਤੀ ਆਫਤਾਂ ਸਮੇਂ ਵੱਡੀ ਪੱਧਰ ‘ਤੇ ਲੰਗਰ ਲਗਾ ਕੇ ਮਾਨਵਤਾ ਦੀ ਸੇਵਾ ਵਿੱਚ ਯੋਗਦਾਨ ਪਾਇਆ। ਉਨ੍ਹਾਂ ਇਹ ਵੀ ਕਿਹਾ ਕਿ ਬਾਬਾ ਜੀ ਨੇ ਗਊਸ਼ਾਲਾਵਾਂ ਦੀ ਵੀ ਵੱਡੀ ਪੱਧਰ ‘ਤੇ ਸੇਵਾ ਕੀਤੀ। ਉਨ੍ਹਾਂ ਆਖਿਆ ਕਿ ਬਾਬਾ ਜੀ ਅਜਿਹੀ ਮਹਾਨ ਸੋਚ ਦੇ ਮਾਲਕ ਸਨ ਜਿਨ੍ਹਾਂ ਹਮੇਸ਼ਾਂ ਸਮਾਜ ਸੇਵਾ ਦੇ ਕੰਮਾਂ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਦਿੱਲ ਖੋਲ ਕੇ ਦਾਨ ਦਿੱਤਾ।

cm 4cm 5

ਮੁੱਖ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਸਮਾਜ ਸੇਵਾ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਬਾਬਾ ਪਰਮਜੀਤ ਸਿੰਘ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਿਰਮਲ ਡੇਰਾ ਦਾ ਮੁਖ ਸੇਵਾਦਾਰ ਥਾਪਣ ‘ਤੇ ਬਾਬਾ ਜੀ ਵੱਲੋਂ ਸ਼ੁਰੂ ਕੀਤੇ ਗਏ ਮਾਨਵਤਾ ਦੀ ਸੇਵਾ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਜਾਵੇਗਾ । ਉਨ੍ਹਾਂ ਸਮੂਹ ਸੰਗਤ ਨੂੰ ਵੀ ਸੱਦਾ ਦਿੱਤਾ ਕਿ ਉਹ ਬਾਬਾ ਪਰਮਜੀਤ ਸਿੰਘ ਜੀ ਨੂੰ ਇਸ ਮਿਸ਼ਨ ਨੂੰ ਅੱਗੇ ਵਧਾਉਣ ਲਈ ਹਰ ਤਰ੍ਹਾਂ ਨਾਲ ਸਹਿਯੋਗ ਦੇਣ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਬਾਬਾ ਜੀ ਨੂੰ ਸ਼ਰਧਾ ਭੇਂਟ ਕਰਦਿਆਂ ਕਿਹਾ ਕਿ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਗੁਰੂਆਂ ਵੱਲੋਂ ਸਰਬੱਤ ਦੇ ਭਲੇ ਅਤੇ ਆਪਸੀ ਏਕਤਾ ਦੇ ਦਿੱਤੇ ਸੰਦੇਸ਼ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਇਆ। ਇਸ ਮੌਕੇ ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਬਾਬਾ ਜੀ ਨੇ ਲੋਕਾਂ ਨੂੰ ਗੁਰੂ ਅਤੇ ਬਾਣੀ ਦੇ ਲੜ ਲੱਗਣ ਲਈ ਪ੍ਰੇਰਿਤ ਕਰਕੇ ਸਿੱਖੀ ਦੇ ਪ੍ਰਚਾਰ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਰਹਿੰਦੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬਾਬਾ ਪਰਮਜੀਤ ਸਿੰਘ ਨੂੰ ਦਸਤਾਰ ਭੇਂਟ ਕੀਤੀ। ਉਨ੍ਹਾਂ ਆਖਿਆ ਕਿ ਸੰਤ ਬਾਬਾ ਅਜੀਤ ਸਿੰਘ ਜੀ ਅਜਿਹੀ ਨਿਰਮਲ ਆਤਮਾ ਦੇ ਧਾਰਨੀ ਸਨ ਜਿਨ੍ਹਾਂ ਲੋਕਾਂ ਨੂੰ ਸਿੱਖੀ ਨਾਲ ਜੋੜ ਕੇ ਜਿੰਦਗੀ ਜਿਉਣ ਦੀ ਪ੍ਰੇਰਨਾ ਦਿੱਤੀ। ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਆਖਿਆ ਕਿ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਵੱਲੋਂ ਸੇਵਾ, ਸਿਮਰਨ ਤੇ ਕੀਤੇ ਗਏ ਪਰਉਪਕਾਰਾਂ ਦੀ ਹੋਰ ਕਿਧਰੇ ਮਿਸਾਲ ਨਹੀਂ ਮਿਲਦੀ। ਉਨ੍ਹਾਂ ਇਸ ਮੌਕੇ ਅੰਤਿਮ ਅਰਦਾਸ ਵੀ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਵਿਧਾਇਕ ਪਟਿਆਲਾ ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਵਿਧਾਇਕ ਸ. ਦੀਦਾਰ ਸਿੰਘ ਭੱਟੀ, ਸੰਤ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ, ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਤੇ ਭਾਈ ਜਸਬੀਰ ਸਿੰਘ ਰੋਡੇ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ, ਸੰਤ ਬਾਬਾ ਮੁੰਡੇ ਸਿੰਘ ਅਤੇ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਐਜੂਕੇਸ਼ਨ ਅਤੇ ਚੈਰੀਟੇਬਲ ਟਰਸੱਟ ਹੰਸਾਲੀ ਦੇ ਪ੍ਰਧਾਨ ਸ. ਰਣਜੀਤ ਸਿੰਘ ਲਿਬੜਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ. ਸੁਰਜੀਤ ਸਿੰਘ ਰੱਖੜਾ, ਵਿਧਾਇਕ ਜਸਟਿਸ ਨਿਰਮਲ ਸਿੰਘ, ਸਾਬਕਾ ਮੰਤਰੀ ਸ. ਰਣਧੀਰ ਸਿੰਘ ਚੀਮਾ ਤੇ ਡਾ. ਹਰਬੰਸ ਲਾਲ, ਐਸ.ਐਸ. ਬੋਰਡ ਦੇ ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ. ਬਲਜੀਤ ਸਿੰਘ ਭੁੱਟਾ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਅਜੇ ਸਿੰਘ ਲਿਬੜਾ, ਸ. ਗੁਰਬਿੰਦਰ ਸਿੰਘ ਭੱਟੀ, ਰਣਬੀਰ ਸਿੰਘ ਬੀਬੀਪੁਰ, ਹਰਦੇਵ ਸਿੰਘ ਹਰਪਾਲਪੁਰ, ਹਰਵਿੰਦਰ ਸਿੰਘ ਹਰਪਾਲਪੁਰ, ਰਣਧੀਰ ਸਿੰਘ ਭਾਂਬਰੀ, ਸਵਰਨ ਸਿੰਘ ਚਨਾਰਥਲ, ਹਰਭਜਨ ਸਿੰਘ ਚਨਾਰਥਲ, ਇੰਦਰਜੀਤ ਸਿੰਘ ਸੰਧੂ, ਜਗਜੀਤ ਸਿੰਘ ਕੋਹਲੀ, ਐਸ.ਜੀ.ਪੀ.ਸੀ. ਮੈਂਬਰ ਰਵਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਰਿਆ, ਅਮਰਜੀਤ ਸਿੰਘ ਚਾਵਲਾ, ਵਿਧਾਇਕ ਫ਼ਤਹਿਗੜ੍ਹ ਸਾਹਿਬ ਸ. ਕੁਲਜੀਤ ਸਿੰਘ ਨਾਗਰਾ, ਸ. ਹਰਿੰਦਰ ਸਿੰਘ ਭਾਂਬਰੀ, ਸਾਧੂ ਸਿੰਘ ਧਰਮਸੋਤ, ਜਗਮੋਹਨ ਸਿੰਘ ਕੰਗ, ਤੇਜਪ੍ਰਕਾਸ਼ ਸਿੰਘ ਕੋਟਲੀ, ਬਲਬੀਰ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂ ਸ਼ਾਮਲ ਹੋਏ।