ਪੰਜਾਬ

ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਵਲੋਂ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ

ਨਵੀਂ ਦਿੱਲੀ, 18 ਜਨਵਰੀ : ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਨਿਸ਼ਾਨੇ ‘ਤੇ ਆਏ ਪੰਜਾਬ ਦੇ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਨ ਕਰ ਲਿਆ ਹੈ | ਬੁੱਧਵਾਰ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਆਏ ਕੈਪਟਨ ਅਮਰਿੰਦਰ ਸਿੰਘ ਨੇ ਇਸ ਫ਼ੈਸਲੇ ਦੀ ਪੁਸ਼ਟੀ ਪੱਤਰਕਾਰਾਂ ਨੂੰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕੀਤੀ | ਰਾਣਾ ਗੁਰਜੀਤ ਸਿੰਘ ਨੂੰ ਹਾਲ ਹੀ ‘ਚ ਖਨਣ ਘੁਟਾਲੇ ਦੀ ਪੜਤਾਲ ਕਰ ਰਹੇ ਜਸਟਿਸ ਨਾਰੰਗ ਕਮਿਸ਼ਨ ਨੇ ਕਲੀਨ ਚਿੱਟ ਦਿੱਤੀ ਸੀ | ਪਰ ਕਈ ਹਲਕਿਆਂ ਮੁਤਾਬਿਕ ਰਾਜਾਂ ‘ਚ ਹਾਸ਼ੀਏ ‘ਤੇ ਖਿਸਕ ਰਹੀ ਕਾਂਗਰਸ ਹਾਈ ਕਮਾਂਡ ਵਲੋਂ ਹਰ ਕਦਮ ਬਹੁਤ ਇਹਤਿਆਤ ਨਾਲ ਲਿਆ ਜਾ ਰਿਹਾ ਹੈ | ਕੈਪਟਨ ਦੇ ਕਰੀਬੀ ਹੋਣ ਦੇ ਬਾਵਜੂਦ ਰਾਣਾ ਗੁਰਜੀਤ ਸਿੰਘ ਨੂੰ ਇਹ ਸੰਕੇਤ ਮਿਲ ਗਏ ਸਨ ਕਿ ਜੇਕਰ ਉਨ੍ਹਾਂ ਨੇ ਖ਼ੁਦ ਅਸਤੀਫ਼ਾ ਨਾ ਦਿੱਤਾ ਤਾਂ ਉਨ੍ਹਾਂ ਨੂੰ ਬਰਖਾਸਤ ਕੀਤਾ ਜਾ ਸਕਦਾ ਹੈ | ਆਪਣੇ ਅਸਤੀਫ਼ੇ ‘ਚ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਭਾਵੇਂ ਉਹ ਪਿਛਲੇ 10 ਸਾਲਾਂ ਤੋਂ ਆਪਣੇ ਪਰਿਵਾਰ ਦੇ ਕਾਰੋਬਾਰ ਨਾਲ ਨਹੀਂਾ ਜੁੜੇ ਹੋਏ ਪਰ ਪਿਛਲੇ ਕੁਝ ਮਹੀਨਿਆਂ ‘ਚ ਛਿੜੇ ਵਿਵਾਦ ਕਾਰਨ ਪਾਰਟੀ ਦੇ ਹਿੱਤ ‘ਚ ਉਨ੍ਹਾਂ ਅਸਤੀਫ਼ਾ ਦੇਣ ਦਾ ਰਾਹ ਚੁਣਿਆ | ਕੈਪਟਨ ਨੇ ਰਾਹੁਲ ਗਾਂਧੀ ਨਾਲ ਵੀਰਵਾਰ ਨੂੰ ਹੋਈ ਮੁਲਾਕਾਤ ਤੋਂ ਪਹਿਲਾਂ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨਾਲ ਬੁੱਧਵਾਰ ਨੂੰ ਮੁਲਾਕਾਤ ਕੀਤੀ | ਮਾਰਚ ‘ਚ ਇਕ ਸਾਲ ਮੁਕੰਮਲ ਕਰ ਰਹੀ ਸੂਬਾ ਸਰਕਾਰ ਵਲੋਂ ਕਾਂਗਰਸ ਪ੍ਰਧਾਨ ਨੂੰ ਕਾਰਜਕਾਲ ਦੇ ਵਰਵੇ ਬਾਰੇ ਰਿਪੋਰਟ ਵੀ ਪੇਸ਼ ਕੀਤੀ ਗਈ | ਅੱਜ ਦੀ ਮੀਟਿੰਗ ਨੂੰ ਹੁਣ ਤੱਕ ਦੇ ਕੀਤੇ ਕੰਮਾਂ ਅਤੇ ਆਉਣ ਵਾਲੇ ਸਮੇਂ ਦੀ ਵਿਉਂਤ ਲਈ ਜਾਇਜ਼ਾ ਮੀਟਿੰਗ ਕਰਾਰ ਦਿੱਤਾ ਗਿਆ, ਜਿਸ ‘ਚ ਲੰਮੇ ਸਮੇਂ ਤੋਂ ਲਟਕ ਰਹੇ ਮੰਤਰੀ ਮੰਡਲ ਦੇ ਵਿਸਥਾਰ ‘ਤੇ ਵੀ ਚਰਚਾ ਕੀਤੀ ਗਈ | ਹਾਲਾਂਕਿ ਕੈਪਟਨ ਮੁਤਾਬਿਕ ਮੰਤਰੀ ਮੰਡਲ ਦਾ ਵਿਸਥਾਰ ਲੁਧਿਆਣਾ ਨਗਰ ਨਿਗਮ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ | ਪਰ ਰਾਣਾ ਗੁਰਜੀਤ ਸਿੰਘ ਦੇ ਅਸਤੀਫ਼ੇ ਕਾਰਨ ਖਾਲੀ ਹੋਏ ਦੋ ਮੰਤਰਾਲਿਆਂ ਲਈ ਉਮੀਦਵਾਰੀ ਦੀ ਦਾਅਵੇਦਾਰੀ ਸ਼ੁਰੂ ਹੋ ਗਈ ਹੈ | ਹਲਕਿਆਂ ਮੁਤਾਬਿਕ ਅਹਿਮ ਮੰਨੇ ਜਾਂਦੇ ਬਿਜਲੀ ਅਤੇ ਸਿੰਚਾਈ ਮੰਤਰਾਲਿਆਂ ਲਈ ਕਈ ਨਾਂਅ ਅੱਗੇ ਆ ਰਹੇ ਹਨ | ਕੈਪਟਨ ਦੇ ਕਰੀਬੀ ਮੰਨੇ ਜਾਂਦੇ ਬ੍ਰਹਮ ਮਹਿੰਦਰਾ ਦਾ ਨਾਂਅ ਬਿਜਲੀ ਮੰਤਰੀ ਵਜੋਂ ਅੱਗੇ ਆ ਰਿਹਾ ਹੈ | ਅਜੇ ਤੱਕ ਸਿਹਤ ਮੰਤਰਾਲਾ ਸੰਭਾਲ ਰਹੇ ਬ੍ਰਹਮ ਮਹਿੰਦਰਾ ਮੁੱਖ ਮੰਤਰੀ ਦੀ ਗੈਰਹਾਜ਼ਰੀ ‘ਚ ਕਈ ਅਹਿਮ ਮੀਟਿੰਗਾਂ ਦੀ ਅਗਵਾਈ ਵੀ ਕਰ ਚੁੱਕੇ ਹਨ | ਜਦਕਿ ਪੇਂਡੂ ਵਿਕਾਸ ਮੰਤਰੀ ਤਿ੍ਪਤ ਰਾਜਿੰਦਰ ਬਾਜਵਾ ਨੂੰ ਸਿੰਚਾਈ ਵਿਭਾਗ ਮਿਲਣ ਦੇ ਕਿਆਸ ਲਾਏ ਜਾ ਰਹੇ ਹਨ | ਇਥੇ ਜ਼ਿਕਰਯੋਗ ਹੈ ਕਿ ਰਾਣਾ ਗੁਰਜੀਤ ਸਿੰਘ ਦੇ ਅਸਤੀਫ਼ੇ ਤੋਂ ਬਾਅਦ 9 ਅਹਿਮ ਮੰਤਰਾਲਿਆਂ ‘ਚ ਮੰਤਰੀ ਨਿਯੁਕਤ ਕੀਤੇ ਜਾਣੇ ਹਨ, ਜਿਸ ਲਈ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਕਈ ਵਿਧਾਇਕਾਂ ਦੀਆਂ ਦਿੱਲੀ ਦੀਆਂ ਫੇਰੀਆਂ ‘ਚ ਕਾਫ਼ੀ ਵਾਧਾ ਹੋਇਆ ਹੈ | ਹਲਕਿਆਂ ਮੁਤਾਬਿਕ ਹਾਲ ‘ਚ ਕੈਪਟਨ ਦੇ ਦੋ ਕਰੀਬੀਆਂ-ਰਾਣਾ ਗੁਰਜੀਤ ਸਿੰਘ ਅਤੇ ਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਵਿਵਾਦਾਂ ਅਤੇ ਅਸਤੀਫਿਆਂ ਕਾਰਨ ਕੈਪਟਨ ਅਮਰਿੰਦਰ ਸਿੰਘ ਵੀ ਮੰਤਰੀ ਮੰਡਲ ਦੇ ਇਸ ਅਹਿਮ ਵਿਸਥਾਰ ‘ਤੇ ਕਾਫੀ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ | ਦਿੱਲੀ ਫੇਰੀ ਤੋਂ ਫੌਰਨ ਬਾਅਦ ਉਹ ਚੰਡੀਗੜ੍ਹ ‘ਚ ਇਸ ਸਬੰਧ ‘ਚ ਮੀਟਿੰਗ ਕਰਨਗੇ | ਲੁਧਿਆਣਾ ਨਗਰ ਨਿਗਮ ਚੋਣਾਂ ਤੋਂ ਬਾਅਦ ਹੋਣ ਵਾਲੇ ਇਸ ਵਿਸਥਾਰ ‘ਚ ਵੱਡਾ ਫੇਰ ਬਦਲ ਹੋਣ ਦੀ ਸੰਭਾਵਨਾ ਹੈ | ਸਿਆਸੀ ਸੂਤਰਾਂ ਮੁਤਾਬਿਕ ਕੈਪਟਨ ਵੱਲੋਂ ਪ੍ਰਦਰਸ਼ਨ ਨੂੰ ਆਧਾਰ ਬਣਾ ਕੇ ਹੀ ਕੋਈ ਫ਼ੈਸਲਾ ਲਿਆ ਜਾਵੇਗਾ, ਜਿਸ ‘ਤੇ ਅੰਤਿਮ ਮੋਹਰ ਕਾਂਗਰਸ ਹਾਈ ਕਮਾਂਡ ਵਲੋਂ ਲਾਈ ਜਾਵੇਗੀ |

ਟਿੱਪਣੀ ਕਰੋ

This site uses Akismet to reduce spam. Learn how your comment data is processed.